ਲੁਧਿਆਣਾ : ਲੁਧਿਆਣਾ ਸ਼ਹਿਰ ’ਚ ਅੱਜ ਸਵੇਰੇ ਡਿਊਟੀ ’ਤੇ ਜਾ ਰਹੇ ਸਕਿਓਰਟੀ ਗਾਰਡ ’ਤੇ ਬੁਲੇਟ ਸਵਾਰ 2 ਨੌਜਵਨਾਂ ਵਲੋਂ ਤਾਬੜਤੋੜ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁਲੇਟ ਸਵਾਰਾਂ ਨੇ ਸਕਿਓਰਟੀ ਗਾਰਡ ’ਤੇ 4 ਫਾਇਰ ਕੀਤੇ। ਜਿਸ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੇੜੇ ਦੇ ਲੋਕਾਂ ਨੇ ਉਸ ਦੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਵੱਲੋਂ ਗੋਲੀਆਂ ਕੱਢਣ ਲਈ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਥਾਣਾ ਪੀ. ਏ. ਯੂ. ਦੀ ਪੁਲਸ ਨੇ ਜ਼ਖ਼ਮੀ ਗਾਰਡ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਬੁਲੇਟ ਸਵਾਰਾਂ ਖ਼ਿਲਾਫ਼ ਕਤਲ ਦੇ ਯਤਨ, ਆਰਮ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਵਾਰਦਾਤ ਸਵੇਰੇ ਲਗਭਗ ਸਾਢੇ 6 ਵਜੇ ਦੀ ਹੈ। ਲਾਡੋਵਾਲ ਦੇ ਪਿੰਡ ਗੋਰਸੀਆਂ ਹਰਮਰਾਏ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ (40) ਰਾਜਗੜ੍ਹ ਅਸਟੇਟ ਵਿਚ ਸਕਿਓਰਟੀ ਗਾਰਡ ਤਾਇਨਾਤ ਹੈ। ਲਗਭਗ ਸਾਢੇ 6 ਵਜੇ ਉਹ ਪਿੰਡ ਮਲਕਪੁਰ ਦੇ ਪੁਲ ਕੋਲ ਪਹੁੰਚਿਆ ਤਦ ਉਸ ਦਾ ਪਿੱਛਾ ਕਰਦੇ ਹੋਏ ਬੁਲੇਟ ਸਵਾਰ 2 ਨੌਜਵਾਨ ਆ ਰਹੇ ਸਨ, ਜਿਸ ਵਿਚ ਇਕ ਨੌਜਵਾਨ ਪੱਗੜੀਧਾਰੀ ਸੀ, ਜਦਕਿ ਦੂਜਾ ਕਲੀਨ ਸ਼ੇਵ ਸੀ।