ਲੁਧਿਆਣਾ : ਨਗਰ ਨਿਗਮ ਦੀ ਇਮਾਰਤੀ ਸ਼ਾਖਾ ਵਲੋਂ ਨਾਜਾਇਜ਼ ਉਸਾਰੀ ‘ਤੇ ਪੀਲਾ ਪੰਜਾ ਚਲਾਇਆ ਗਿਆ, ਪਰ ਇਸੇ ਦੌਰਾਨ ਨਗਰ ਨਿਗਮ ਦੇ ਅਮਲੇ ਨੂੰ ਲੋਕਾਂ ਦੀ ਭਾਰੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ।
ਨਗਰ ਨਿਗਮ ਦੀ ਜ਼ੋਨ-ਡੀ ਦੀ ਇਮਾਰਤੀ ਸ਼ਾਖਾ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਡਲ ਟਾਊਨ ‘ਚ ਇਕ ਇਮਾਰਤ ਉਸਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਹਾਊਸ ਲਾਇਨ ਉਪਰ ਵੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਨਿਗਮ ਦਾ ਅਮਲਾ ਮੌਕੇ ‘ਤੇ ਪਹੁੰਚਿਆ ਤੇ ਬੁਲਡੋਜਰ ਚਲਾ ਕੇ ਨਾਜਾਇਜ਼ ਉਸਾਰੀ ਢਾਉਣ ਦੀ ਕਾਰਵਾਈ ਆਰੰਭ ਕੀਤੀ।
ਅਮਲੇ ਵਲੋਂ ਬੁਲਡੋਜ਼ਰ ਚਲਾਇਆ ਹੀ ਗਿਆ ਸੀ ਕਿ ਉਥੇ ਮੌਜੂਦ ਲੋਕਾਂ ਵਲੋਂ ਇਸ ਦੀ ਵਿਰੋਧਤਾ ਕੀਤੀ ਗਈ ਅਤੇ ਵਿਰੋਧਤਾ ਦੇ ਹਾਲਾਤ ਇਹ ਸਨ ਕਿ ਲੋਕ ਬੁਲਡੋਜ਼ਰ ਦੇ ਅੱਗੇ ਬੈਠ ਗਏ, ਜਿਸ ਦੇ ਚੱਲਦਿਆਂ ਹਾਲਾਤ ਥੋੜੀ ਦੇਰ ਲਈ ਤਨਾਅਪੂਰਨ ਜਿਹੇ ਵੀ ਹੋ ਗਏ ਤੇ ਵੱਡੀ ਗਿਣਤੀ ਵਿਚ ਉਥੇ ਲੋਕ ਵੀ ਇਕੱਠੇ ਹੋ ਗਏ, ਜਿਸ ਕਾਰਨ ਨਗਰ ਨਿਗਮ ਦੀ ਕਾਰਵਾਈ ਪ੍ਰਭਾਵਿਤ ਵੀ ਹੋਈ ਪਰ ਫਿਰ ਵੀ ਨਗਰ ਨਿਗਮ ਵਲੋਂ ਕਾਰਵਾਈ ਕਰ ਦਿੱਤੀ ਗਈ।