ਪੰਜਾਬੀ
ਸੀਐੱਚਸੀ ਸਾਹਨੇਵਾਲ ਵਿਖੇ ਮਨਾਇਆ ਵਿਸ਼ਵ ਤੰਬਾਕੂ ਰਹਿਤ ਦਿਵਸ
Published
2 years agoon
ਸਾਹਨੇਵਾਲ/ਲੁਧਿਆਣਾ : ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪੂਨਮ ਗੋਇਲ ਦੇ ਸਹਿਯੋਗ ਨਾਲ ਡਾ. ਰਣਬੀਤ ਕੌਰ ਦੀ ਅਗਵਾਈ ਹੇਠ ਸੀਐੱਚਸੀ ਸਾਹਨੇਵਾਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਜਿਸ ਵਿੱਚ ਤੰਬਾਕੂ ਦੇ ਵਾਤਾਵਰਨ ਅਤੇ ਸ਼ਰੀਰ ਤੇ ਪੈਂਦੇ ਦੁਸ਼ਪ੍ਰਭਾਵ, ਕੋਟਪਾ ਐਕਟ 2003 ਬਾਰੇ ਵਿਚਾਰ ਚਰਚਾ ਕੀਤੀ ਗਈ
ਡਾ. ਰਣਬੀਤ ਕੌਰ ਨੇ ਕਿਹਾ ਕਿ 300 ਸਿਗਰਟ ਬਣਾਉਣ ਪਿੱਛੇ 1 ਰੁੱਖ ਕੱਟਿਆ ਜਾਂਦਾ ਹੈ, ਇਕ ਸਿਗਰਟ ਪਿੱਛੇ 3.37 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ ਇਸ ਵਰ੍ਹੇ ਵਿਸ਼ਵ ਤੰਬਾਕੂ ਰਹਿਤ ਦਿਹਾੜਾ ਵਾਤਾਵਰਨ ਨਾਲ ਜੋੜ ਕੇ ਤੰਬਾਕੂ ਸਾਡੇ ਵਾਤਾਵਰਨ ਲਈ ਵੱਡਾ ਖਤਰਾ ਥੀਮ ਹੇਠ ਮਨਾਇਆ ਜਾ ਰਿਹਾ ਹੈ।
ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਮਾਨਸਿਕ, ਆਰਥਿਕ ਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕੋਟਪਾ ਐਕਟ ਬਾਰੇ ਅਤੇ ਸ਼ਰੀਰ ਤੇ ਤੰਬਾਕੂ ਦੇ ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਤੰਬਾਕੂ ਵਿੱਚ ਚਾਰ ਹਜ਼ਾਰ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਵਿਚ ਨਿਕੋਟੀਨ ਬਹੁਤ ਭਿਆਨਕ ਹੁੰਦਾ ਹੈ। ਇਸ ਮੌਕੇ ‘ਤੇ ਮਾਸ ਮੀਡੀਆ ਵਿੰਗ ਵੱਲੋਂ ਬੀਈਈ ਜਸਬੀਰ ਖੰਨਾ ਨੇ ਦੱਸਿਆ ਕਿ ਬੀੜੀ, ਸਿਗਰੇਟ, ਗੁਟਖਾ, ਪੈਨ ਮਸਾਲਾ, ਈ-ਸਿਗਰੇਟ, ਹੁੱਕਾ ਆਦਿ ਤੰਬਾਕੂ ਪਦਾਰਥਾਂ ਦੀ ਸੂਚੀ ਵਿਚ ਸ਼ਾਮਿਲ ਹਨ।
ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸ਼ਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਭਾਰਤ ਵਿਚ ਅੱਜੇ ਵੀ 35 ਪ੍ਰਤੀਸ਼ਤ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਜਿਸ ਵਿਚੋਂ 9 ਪ੍ਰਤੀਸ਼ਤ ਲੋਕ ਪੀਣ ਵਾਲਾ ਤੰਬਾਕੂ ਜਿਵੇਂ ਸਿਗਰਟ ਬੀੜੀ 21 ਪ੍ਰਤੀਸ਼ਤ ਲੋਕ ਖਾਣ ਦੇ ਰੂਪ ਵਿਚ ਇਸਦਾ ਸੇਵਨ ਕਰਦੇ ਹਨ ਅਤੇ 5 ਪ੍ਰਤੀਸ਼ਤ ਉਹ ਲੋਕ ਹਨ ਜਿਹੜੇ ਤੰਬਾਕੂ ਦੇ ਦੋਨੋ ਰੂਪ ਦਾ ਸੇਵਨ ਕਰਦੇ ਹਨ।
ਕੋਟਪਾ ਐਕਟ ਅਧੀਨ ਵਿਸ਼ੇਸ਼ ਧਾਰਾਵਾਂ ਹੇਠ ਜਨਤਕ ਥਾਵਾਂ ਤੇ ਸੌ ਗਜ਼ ਦੇ ਦਾਇਰੇ ਵਿਚ ਤੰਬਾਕੂ ਦੀ ਵਿਕਰੀ ਤੇ ਰੋਕ, ਬੀੜੀ ਸਿਗਰਟ ਵੇਚਣ ਵਾਲਿਆਂ ਉੱਤੇ ਲਾਈ ਜਾਂਦੀ ਸਖ਼ਤੀ ਆਦਿ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਇਸ ਮੌਕੇ ਤੇ ਤੰਬਾਕੂਨੋਸ਼ੀ ਰੋਕਣ ਅਤੇ ਇਸ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਲਈ ਪ੍ਰਣ ਵੀ ਲਿਆ ਗਿਆ।