Connect with us

ਖੇਤੀਬਾੜੀ

ਸੰਸਾਰ ਪ੍ਰਸਿੱਧ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਪੀ.ਏ.ਯੂ. ਸੰਚਾਰ ਕੇਂਦਰ ਦਾ ਕੀਤਾ ਦੌਰਾ ਕੀਤਾ

Published

on

World famous rice scientist Dr. Gurdev Singh Khush P.A.U. Visited the communication center
ਲੁਧਿਆਣਾ : ਅੱਜ ਵਿਸ਼ਵ ਭੋਜਨ ਪੁਰਸਕਾਰ ਜੇਤੂ ਸੰਸਾਰ ਪ੍ਰਸਿੱਧ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਅੱਜ ਪੀ.ਏ.ਯੂ. ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ | ਇਸ ਦੌਰਾਨ ਉਹਨਾਂ ਨੇ ਪੀ.ਏ.ਯੂ. ਵੱਲੋਂ ਸੰਚਾਰ ਲਈ ਵਰਤੇ ਜਾ ਰਹੇ ਤਰੀਕਿਆਂ ਨੂੰ ਗਹੁ ਨਾਲ ਦੇਖਿਆ | ਡਾ. ਖੁਸ਼ ਨੇ ਕਿਹਾ ਕਿ ਖੇਤੀ ਖੋਜਾਂ ਅਤੇ ਉਤਪਾਦਨ ਤਕਨੀਕਾਂ ਨੂੰ ਕਿਸਾਨਾਂ ਤੱਕ ਪ੍ਰਸਾਰਿਤ ਕਰਨ ਵਿੱਚ ਪੀ.ਏ.ਯੂ. ਨੇ ਪੂਰੀ ਦੁਨੀਆਂ ਵਿੱਚ ਮਿਸਾਲ ਪੈਦਾ ਕੀਤੀ ਹੈ |
ਉਹਨਾਂ ਨੇ ਖੁਸ਼ੀ ਪ੍ਰਗਟਾਈ ਕਿ ਯੂਨੀਵਰਸਿਟੀ ਵੱਲੋਂ ਅੱਜ ਵੀ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਉਪਰਾਲੇ ਜਾਰੀ ਹਨ | ਡਾ. ਖੁਸ਼ ਨੇ ਕਿਹਾ ਕਿ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਸ਼ੋਸ਼ਲ ਮੀਡੀਆ ਅਤੇ ਸੰਚਾਰ ਦੇ ਹੋਰ ਨਵੀਨ ਤਰੀਕੇ ਵਰਤੇ ਜਾਂਦੇ ਵੇਖ ਕੇ ਉਹ ਅਤਿਅੰਤ ਖੁਸ਼ ਹਨ | ਉਹਨਾਂ ਨੇ ਆਪਣੇ ਬਚਪਨ ਅਤੇ ਵਿਦਿਆਰਥੀ ਜੀਵਨ ਨੂੰ ਯਾਦ ਕੀਤਾ | ਨਾਲ ਹੀ ਡਾ. ਖੁਸ਼ ਨੇ ਖੇਤੀ ਪ੍ਰਕਾਸ਼ਨਾਵਾਂ ਵਿੱਚ ਸੁਧਾਰ ਲਈ ਕਈ ਸੁਝਾਅ ਵੀ ਦਿੱਤੇ |
ਡਾ. ਖੁਸ਼ ਦਾ ਸਵਾਗਤ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਡਾ. ਰਿਆੜ ਨੇ ਕਿਹਾ ਕਿ ਸੰਚਾਰ ਕੇਂਦਰ ਦੀ ਖੁਸ਼ਕਿਸਮਤੀ ਹੈ ਕਿ ਏਡੇ ਕੱਦਾਵਰ ਵਿਗਿਆਨੀ ਨੇ ਆਪਣੇ ਪੈਰ ਇਸ ਕੇਂਦਰ ਦੇ ਵਿਹੜੇ ਵਿੱਚ ਪਾਏ | ਉਹਨਾਂ ਡਾ. ਖੁਸ਼ ਨੂੰ ਪੀ.ਏ.ਯੂ. ਪ੍ਰਕਾਸ਼ਨਾਵਾਂ ਬਾਰੇ ਦੱਸਦਿਆਂ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਅਤੇ ਸ਼ੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਬਾਰੇ ਜਾਣੂੰ ਕਰਵਾਇਆ |
ਅੰਤ ਵਿੱਚ ਡਾ. ਅਨਿਲ ਸ਼ਰਮਾ ਨੇ ਡਾ. ਗੁਰਦੇਵ ਸਿੰਘ ਖੁਸ਼ ਦਾ ਧੰਨਵਾਦ ਕੀਤਾ | ਉਹਨਾਂ ਆਸ ਪ੍ਰਗਟਾਈ ਕਿ ਆਉਂਦੇ ਸਮੇਂ ਦੌਰਾਨ ਵੀ ਡਾ. ਖੁਸ਼ ਸੰਚਾਰ ਕੇਂਦਰ ਦੀ ਅਗਵਾਈ ਆਪਣੇ ਵਿਚਾਰਾਂ ਨਾਲ ਕਰਦੇ ਰਹਿਣਗੇ| ਇਸ ਮੌਕੇ ਡਾ. ਕੇ.ਕੇ. ਗਿੱਲ, ਡਾ. ਆਸ਼ੂ ਤੂਰ, ਡਾ. ਜਗਵਿੰਦਰ ਸਿੰਘ, ਸ਼੍ਰੀਮਤੀ ਗੁਲਨੀਤ ਚਾਹਲ ਅਤੇ ਪੀ.ਏ.ਯੂ. ਦੇ ਹੋਰ ਕਰਮਚਾਰੀ ਵੀ ਮੌਜੂਦ ਰਹੇ | ਅੰਤ ਵਿੱਚ ਡਾ. ਖੁਸ਼ ਨੂੰ ਯੂਨੀਵਰਸਿਟੀ ਦੀਆਂ ਚੋਣਵੀਆਂ ਪ੍ਰਕਾਸ਼ਨਾਵਾਂ ਦਾ ਤੋਹਫਾ ਭੇਂਟ ਕੀਤਾ ਗਿਆ |

Facebook Comments

Trending