ਅਪਰਾਧ
ਮਹਿਲਾ ਪਟਵਾਰੀ 5 ਹਜ਼ਾਰ ਦੀ ਰਿਸ਼ਵਤ ਲੈਂਦੇ ਗਿ੍ਫ਼ਤਾਰ
Published
3 years agoon
ਲੁਧਿਆਣਾ : ਵਿਜੀਲੈਂਸ ਬਿਊਰੋ ਦੇ ਆਰਥਿਕ ਸ਼ਾਖਾ ਵਿੰਗ ਵਲੋਂ ਮਹਿਲਾ ਪਟਵਾਰੀ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਿਜੀਲੈਂਸ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਇੰਸਪੈਕਟਰ ਪਰਦੀਪ ਸਿੰਘ ਦੀ ਅਗਵਾਈ ਹੇਠਲੀ ਪਾਰਟੀ ਨੇ ਅਮਲ ਵਿਚ ਲਿਆਂਦੀ ਅਤੇ ਕਾਬੂ ਕੀਤੀ ਗਈ ਮਹਿਲਾ ਪਟਵਾਰੀ ਦੀ ਸ਼ਨਾਖਤ ਆਸ਼ਨਾ ਵਜੋਂ ਕੀਤੀ ਗਈ ਹੈ। ਉਹ ਪਟਵਾਰ ਹਲਕਾ ਭਨੋਹੜ ਵਿਖੇ ਤਾਇਨਾਤ ਹੈ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਪਾਸ ਪਿੰਡ ਭਨੋਹੜ ਵਾਸੀ ਬਲਜਿੰਦਰ ਕੌਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੀ ਜਾਇਦਾਦ ਲਈ ਕਰਜ਼ਾ ਲੈਣਾ ਹੈ ਅਤੇ ਇਸ ਲਈ ਉਸ ਨੂੰ ਜਾਇਦਾਦ ਦਾ 30 ਸਾਲ ਦਾ ਰਿਕਾਰਡ ਲੋੜੀਂਦਾ ਹੈ। ਜਦੋਂ ਉਹ ਰਿਕਾਰਡ ਲੈਣ ਲਈ ਪਟਵਾਰੀ ਆਸ਼ਨਾ ਪਾਸ ਗਈ ਤਾਂ ਉਸ ਨੇ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਕੀਤੀ, ਜਿਸ ‘ਤੇ ਬਲਜਿੰਦਰ ਕੌਰ ਵਲੋਂ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੇ ਧਿਆਨ ਵਿਚ ਲਿਆਂਦਾ ਤਾਂ ਵਿਜੀਲੈਂਸ ਬਿਊਰੋ ਵਲੋਂ ਫੌਰੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।
ਛਾਪਾਮਾਰੀ ਦੌਰਾਨ ਉਕਤ ਪਟਵਾਰੀ ਆਸ਼ਨਾ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਦੋਸ਼ੀ ਵੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।