ਲੁਧਿਆਣਾ : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਟਰੇਨ ਨੰਬਰ 12014 ਸ਼ਤਾਬਦੀ ਐਕਸਪ੍ਰੈੱਸ ‘ਚ ਇਕ ਮਹਿਲਾ ਯਾਤਰੀ ਆਪਣਾ ਲੈਪਟਾਪ ਅਤੇ ਹੋਰ ਸਾਮਾਨ ਛੱਡ ਕੇ ਟਰੇਨ ‘ਚੋਂ ਉਤਰ ਕੇ ਆਪਣੀ ਮੰਜ਼ਿਲ ਵੱਲ ਚਲੀ ਗਈ। ਇਸ ਦੌਰਾਨ ਅੰਮ੍ਰਿਤਸਰ ਮੁੱਖ ਦਫਤਰ ਵਿਖੇ ਤਾਇਨਾਤ ਟਿਕਟ ਚੈਕਰ ਅਨੰਤ ਕੁਮਾਰ, ਜੋ ਕਿ ਰੇਲਗੱਡੀ ਵਿੱਚ ਡਿਊਟੀ ’ਤੇ ਸਨ, ਨੂੰ ਡਿਊਟੀ ਦੌਰਾਨ ਸੀ-7 ਕੋਚ ਦੀ ਸੀਟ ਨੰਬਰ 45 ’ਤੇ ਇੱਕ ਲੈਪਟਾਪ ਅਤੇ ਹੋਰ ਸਾਮਾਨ ਮਿਲਿਆ। ਇਸ ‘ਤੇ ਉਸ ਨੇ ਹੈਂਡ ਹੋਲਡ ਟਰਮੀਨਲ ਮਸ਼ੀਨ ਰਾਹੀਂ ਟਿਕਟ ਨੰਬਰ ਤੋਂ ਮਹਿਲਾ ਯਾਤਰੀ ਦਾ ਮੋਬਾਈਲ ਨੰਬਰ ਪਤਾ ਕੀਤਾ ਅਤੇ ਉਸ ਨੂੰ ਸੂਚਨਾ ਦਿੱਤੀ।
ਇਸ ‘ਤੇ ਮਹਿਲਾ ਯਾਤਰੀ ਨੇ ਦੱਸਿਆ ਕਿ ਉਹ ਜਲਦਬਾਜ਼ੀ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਉਤਰ ਗਈ ਅਤੇ ਆਪਣਾ ਸਾਮਾਨ ਸੀਟ ‘ਤੇ ਹੀ ਭੁੱਲ ਗਈ। ਟਿਕਟ ਚੈਕਰ ਅਨੰਤ ਕੁਮਾਰ ਅਤੇ ਹੋਰ ਸਟਾਫ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਰਾਕੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਮਹਿਲਾ ਯਾਤਰੀ ਨੂੰ ਸਾਮਾਨ ਵਾਪਸ ਕਰ ਦਿੱਤਾ। ਇਸ ‘ਤੇ ਮਹਿਲਾ ਯਾਤਰੀ ਨੇ ਫ਼ਿਰੋਜ਼ਪੁਰ ਡਵੀਜ਼ਨ ਦੇ ਇਨ੍ਹਾਂ ਅਧਿਕਾਰੀਆਂ ਦਾ ਧੰਨਵਾਦ ਕੀਤਾ।ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਸ਼ਤਾਬਦੀ ਐਕਸਪ੍ਰੈਸ ਦੇ ਸਟਾਫ਼ ਦੀ ਇਮਾਨਦਾਰੀ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ।