ਲੁਧਿਆਣਾ : ਲੁਧਿਆਣਾ ਕਚਹਿਰੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਾਰੀਖ ਤੇ ਪਹੁੰਚੀ ਪਤਨੀ ਨੇ ਪਤੀ ਦੇ ਹੱਥ ਉੱਪਰ ਦੰਦੀ ਵੱਢ ਕੇ ਉਸ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ। ਐਨਾ ਹੀ ਨਹੀਂ ਔਰਤ ਨੇ ਆਪਣੀ ਸੱਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕਦੇ ਹੋਏ ਧਮਕੀਆਂ ਵੀ ਦਿੱਤੀਆਂ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਮਹਾਂਵੀਰ ਇਨਕਲੇਵ ਦੇ ਰਹਿਣ ਵਾਲੇ ਰੋਹਿਤ ਖਰਬੰਦਾ ਦੇ ਬਿਆਨ ਉੱਪਰ ਮਹਾਂਵੀਰ ਇਨਕਲੇਵ ਦੀ ਵਾਸੀ ਅਨੁਭਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ 5ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰੋਹਿਤ ਖਰਬੰਦਾ ਨੇ ਦੱਸਿਆ ਕਿ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਰੋਹਿਤ ਦੇ ਮੁਤਾਬਕ ਉਸ ਦੀ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਚਲਦੇ ਉਸ ਦੀ ਮਾਤਾ ਨੇ ਵੀ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ। ਕੇਸ ਦੀ ਸੁਣਵਾਈ ਦੇ ਲਈ ਦੋਵੇਂ ਮਾਂ ਪੁੱਤ ਅਦਾਲਤ ਪਹੁੰਚੇ। ਰੋਹਿਤ ਖਰਬੰਦਾ ਨੇ ਦੱਸਿਆ ਕਿ ਉਸ ਦੀ ਪਤਨੀ ਅਨੁਭਾ ਨੇ ਉਨ੍ਹਾਂ ਨੂੰ ਕੋਰਟ ਕੰਪਲੈਕਸ ਦੇ ਬਾਥਰੂਮ ਦੇ ਕੋਲ ਘੇਰ ਲਿਆ ਅਤੇ ਇਕਦਮ ਹਮਲਾ ਕਰਦੇ ਹੋਏ ਰੋਹਿਤ ਖਰਬੰਦਾ ਦੇ ਹੱਥ ਉੱਪਰ ਦੰਦੀ ਵੱਢ ਦਿੱਤੀ ਤੇ ਧੱਕਾ ਦੇ ਕੇ ਬਾਥਰੂਮ ਵਿੱਚ ਸੁੱਟ ਦਿੱਤਾ।
ਔਰਤ ਨੇ ਬਾਥਰੂਮ ਦਾ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਰੋਹਿਤ ਖਰਬੰਦਾ ਦੀ ਮਾਤਾ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅਦਾਲਤ ਵਿੱਚ ਨਾ ਪੇਸ਼ ਹੋਣ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰੋਹਿਤ ਖਰਬੰਦਾ ਦੇ ਬਿਆਨ ਉੱਪਰ ਅਨੁਭ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।