ਲੁਧਿਆਣਾ : ਨਾਮਧਾਰੀ ਸੰਪਰਦਾਇ ਵੱਲੋਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸੰਤ ਉਦੇ ਸਿੰਘ ਜੀ ਦੀ ਅਗਵਾਈ ਹੇਠ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ, ਸੂਫੀ ਸਮਾਜ ਵੱਲੋਂ ਅਜਮੇਰ ਸ਼ਰੀਫ਼ ਦਰਗਾਹ ਦੇ ਮੁਖੀ ਹਾਜ਼ੀ ਸਈਅਦ ਸਲਮਾਨ ਚਿਸ਼ਤੀ, ਬੁੱਧ ਧਰਮ ਵੱਲੋਂ ਕੈਨਫੋ ਕਿਨਲੇ ਗੈਲਸਨ, ਸਵਾਮੀ ਨਰਾਇਣ ਸੰਸਥਾ ਵੱਲੋਂ ਮੁਨੀਵਤਸਲ ਦਾਸ ਅਤੇ ਸਵਾਮੀ ਗਿਆਨ ਮੰਗਲਦਾਸ ਜੀ, ਸੰਤ ਦਰਸ਼ਨ ਸਿੰਘ ਸ਼ਾਸਤਰੀ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ ਤੋਂ, ਸੰਤ ਧੂਣੀ ਦਾਸ ਉਦਾਸੀ ਸੰਪਰਦਾਇ ਤੋਂ ਸਣੇ ਹੋਰ ਵੱਖੋ-ਵੱਖ ਧਰਮਾਂ ਅਤੇਂ ਸੰਪਰਦਾਇ ਦੇ ਨੁਮਾਇੰਦਿਆਂ ਨੇ ਸਰਬ ਧਰਮ ਸੰਮੇਲਨ ਵਿਚ ਏਕਤਾ ਦਾ ਸੁਨੇਹਾ ਦਿੱਤਾ।
ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਸਰਬ ਧਰਮ ਸੰਮੇਲਨ ਦੇ ਉਪਰਾਲੇ ਲਈ ਸੰਤ ਉਦੇ ਸਿੰਘ ਸਣੇ ਸਮੁੱਚੇ ਨਾਮਧਾਰੀ ਸਮਾਜ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੰਨਦੇ ਤਾਂ ਸਾਰੇ ਅਸੀਂ ਇਕ ਨੂੰ ਹੀ ਹਾਂ, ਬਸ ਅਸੀਂ ਨਾਮ ਹੀ ਆਪਣੇ ਆਪਣੇ ਰੱਖੇ ਹੋਏ ਹਨ। ਗੁਰਬਾਣੀ ਦੇ ਹਵਾਲੇ ਨਾਲ ਡੇਰਾ ਬਿਆਸ ਮੁਖੀ ਨੇ ਆਖਿਆ ਕਿ ਪਰਮਾਤਮਾ ਨੇ ਮਾਨਵ ਨੂੰ ਜਿਸ ਕੰਮ ਲਈ ਭੇਜਿਆ ਹੈ। ਅਸੀਂ ਉਸ ਕੰਮ ਤੋਂ ਮਨਫੀ ਹੋ ਗਏ ਹਾਂ। ਜੇਕਰ ਅਸੀਂ ਉਸ ਦੇ ਹੁਕਮ ਵਿਚ,ਉਸ ਦੇ ਭਾਣੇ ਵਿਚ ਅਤੇ ਉਸ ਦੀ ਰਜ਼ਾ ਵਿਚ ਰਹਿਣਾ ਸਿੱਖ ਜਾਈਏ ਅਤੇ ਸ਼ਬਦ ਗੁਰੂ ਦੀ ਤਾਕਤ ਨੂੰ ਪਹਿਚਾਣ ਲਈਏ ਫਿਰ ਸਭ ਧਰਮਾਂ ਦੇ ਬਖੇੜੇ ਮੁੱਕ ਜਾਣ।
ਸਰਬ ਧਰਮ ਸੰਮੇਲਨ ਦੀ ਅਗਵਾਈ ਕਰ ਰਹੇ ਨਾਮਧਾਰੀ ਸੰਪਰਦਾਇ ਦੇ ਮੁਖੀ ਸੰਤ ਉਦੇ ਸਿੰਘ ਹੋਰਾਂ ਨੇ ਵੱਖੋ-ਵੱਖ ਧਰਮਾਂ ਅਤੇ ਸੰਪਰਦਾਇਆਂ ਦੇ ਨੁਮਾਇਦਿਆਂ ਦੀ ਆਮਦ ’ਤੇ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਗੁਰਦੁਆਰਾ ਭੈਣੀ ਸਾਹਿਬ ਦੀ ਕਮੇਟੀ ਵੱਲੋਂ ਗੁਰਭੇਜ ਸਿੰਘ ਗੁਰਾਇਆਂ ਅਤੇ ਗੁਰਲਾਲ ਸਿੰਘ ਰਾਹੀਂ ਸਭਨਾਂ ਦਾ ਸਨਮਾਨ ਵੀ ਕੀਤਾ। ਸੰਤ ਉਦੇ ਸਿੰਘ ਹੋਰਾਂ ਨੇ ਆਖਿਆ ਕਿ ਅਸੀਂ ਤਾਂ ਨਾਮਧਾਰੀ ਸੰਪਰਦਾਇ ਦੀ ਪਰੰਪਰਾ ਕਾਇਮ ਰੱਖਦਿਆਂ ਸਤਿਗੁਰੂ ਜਗਜੀਤ ਸਿੰਘ ਹੋਰਾਂ ਦੇ ਦਿਖਾਏ ਰਸਤੇ ਉਤੇ ਚਲਦਿਆਂ ਮਾਨਵਤਾ ਦੀ ਭਲਾਈ ਲਈ ਇਹ ਸਰਬ ਧਰਮ ਸੰਮੇਲਨ ਕੀਤਾ ਹੈ।