ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਸ਼ਹਿਰੀ ਅਤੇ ਉਪਸ਼ਹਿਰੀ ਵਸੋਂ ਲਈ ਸਬਜ਼ੀਆਂ ਦੀ ਪੋਸ਼ਕ ਬਗੀਚੀ ਬਾਰੇ ਇੱਕ ਵੈਬੀਨਾਰ ਕਰਵਾਇਆ । ਇਸ ਵਿੱਚ ਕਿਸਾਨਾਂ ਵਿਦਿਆਰਥੀਆਂ ਅਤੇ ਹੋਰ ਭਾਗ ਲੈਣ ਵਾਲਿਆਂ ਸਮੇਤ 68 ਲੋਕ ਸ਼ਾਮਿਲ ਹੋਏ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਇਸ ਪ੍ਰੋਜੈਕਟ ਲਈ ਮਾਲੀ ਇਮਦਾਦ ਪ੍ਰਦਾਨ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਘਰੇਲੂ ਪੱਧਰ ਤੇ ਸਬਜ਼ੀਆਂ ਉਗਾਉਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ ਅਤੇ ਇਸ ਤਰ੍ਹਾਂ ਸ਼ਹਿਰੀ ਅਤੇ ਉਪਸ਼ਹਿਰੀ ਲੋਕਾਂ ਦੇ ਭੋਜਨ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵਧ ਸਕੇਗੀ । ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਟੀ ਐੱਸ ਢਿੱਲੋਂ ਨੇ ਸਿਹਤਮੰਦ ਜ਼ਿੰਦਗੀ ਵਿੱਚ ਸਬਜ਼ੀਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਸ਼ਹਿਰੀ ਅਤੇ ਉਪਸ਼ਹਿਰੀ ਵਸੋਂ ਲਈ ਪੋਸ਼ਕ ਸਬਜ਼ੀਆਂ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ ।
ਸਬਜ਼ੀ ਵਿਗਿਆਨੀ ਡਾ. ਕੁਲਵੀਰ ਸਿੰਘ ਨੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਸਬਜ਼ੀਆਂ ਦੇ ਪੋਸ਼ਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਵਿਆਖਿਆ ਕੀਤੀ । ਡਾ. ਕਿਰਨ ਬੈਂਸ ਨੇ ਸਬਜ਼ੀਆਂ ਰਾਹੀਂ ਸਰੀਰ ਲਈ ਲੋੜੀਂਦੇ ਤੱਤਾਂ ਦੀ ਪ੍ਰਾਪਤੀ ਬਾਰੇ ਗੱਲ ਕੀਤੀ ।
ਡਾ. ਐੱਸ ਕੇ ਜਿੰਦਲ ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਪੋਸ਼ਕ ਬਗੀਚੀ ਮਾਡਲ ਬਾਰੇ ਗੱਲ ਕੀਤੀ । ਡਾ. ਐੱਸ ਏ ਐੱਚ ਪਟੇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਡਾ. ਐੱਚ ਐੱਸ ਭੁੱਲਰ ਅਤੇ ਡਾ. ਦਿਲਪ੍ਰੀਤ ਤਲਵਾੜ ਨੇ ਵੀ ਵਿਸ਼ੇ ਬਾਰੇ ਆਪਣੇ ਵਿਚਾਰ ਰੱਖੇ ਅਤੇ ਕਿਸਾਨਾਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕੀਤਾ ।