ਲੁਧਿਆਣਾ : ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗਡ਼੍ਹ ਸਥਿਤ ਮੌਸਮ ਵਿਭਾਗ ਦੇ ਮੁਤਾਬਕ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮੋਗਾ, ਮੁਕਤਸਰ ਅਤੇ ਫ਼ਰੀਦਕੋਟ ਨੂੰ ਛੱਡ ਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਸੋਮਵਾਰ ਤੋਂ ਬੁੱਧਵਾਰ ਤਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਦੇ ਨਾਲ ਬੂੰਦਾਬਾਂਦੀ ਪੈਣ ਦਾ ਅੰਦਾਜ਼ਾ ਹੈ।
ਇਸ ਤੋਂ ਬਾਅਦ ਪੰਜ ਮਈ ਤੋਂ ਮੌਸਮ ਸਾਫ਼ ਹੋ ਜਾਵੇਗਾ। ਹਾਲਾਂਕਿ ਮੌਸਮ ਵਿਭਾਗ ਅਪ੍ਰੈਲ ਮਹੀਨੇ ਵਿਚ ਵੀ ਅਜਿਹੇ ਅਨੁਮਾਨ ਲਾਉਂਦਾ ਰਿਹਾ ਹੈ ਪਰ ਇਹ ਅਨੁਮਾਨ ਗਲਤ ਸਾਬਿਤ ਹੋਏ ਸਨ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਦਾ ਅਗਾਊਂ ਅੰਦਾਜ਼ਾ ਇਸ ਵਾਰ ਸਹੀ ਸਾਬਤ ਹੁੰਦਾ ਹੈ ਜਾਂ ਨਹੀਂ। ਉੱਥੇ ਦੂਜੇ ਪਾਸੇ ਐਤਵਾਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲਣ ਨਾਲ ਕੁਝ ਰਾਹਤ ਮਿਲੀ ਪਰ ਕੁਝ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ।
ਫਿਰੋਜ਼ਪੁਰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 43.4, ਮੋਗਾ ਵਿਚ 43, ਅੰਮ੍ਰਿਤਸਰ ਵਿਚ 42.1, ਜਲੰਧਰ ਵਿਚ 41.1, ਲੁਧਿਆਣਾ ਵਿਚ 39.8 ਅਤੇ ਪਟਿਆਲਾ ਵਿਚ 38.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।