ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਦੁਪਹਿਰ 3 ਵਜੇ ਤੱਕ 52.61 ਫੀਸਦੀ ਵੋਟਿੰਗ ਹੋ ਚੁੱਕੀ ਹੈ, ਜਦੋਂ ਕਿ ਦੁਪਹਿਰ 1 ਵਜੇ ਤੱਕ ਇਹ ਵੋਟਿੰਗ ਫੀਸਦੀ 40.14 ਸੀ। ਜੇਕਰ ਪਹਿਲੇ 4 ਘੰਟਿਆਂ ਦੀ ਗੱਲ ਕਰੀਏ ਤਾਂ 25.03 ਫੀਸਦੀ ਵੋਟਾਂ ਪਈਆਂ। ਕੜਾਕੇ ਦੀ ਗਰਮੀ ਵਿੱਚ ਵੀ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਹਨ। ਚੰਡੀਗੜ੍ਹ ਦੇ 6 ਲੱਖ 59 ਹਜ਼ਾਰ 804 ਰਜਿਸਟਰਡ ਵੋਟਰ ਅੱਜ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਵਿੱਚ 3,41,544 ਪੁਰਸ਼ ਵੋਟਰ ਅਤੇ 3,18,226 ਮਹਿਲਾ ਵੋਟਰ ਅਤੇ 35 ਟਰਾਂਸਜੈਂਡਰ ਵੋਟਰ ਸ਼ਾਮਲ ਹਨ।
ਚੰਡੀਗੜ੍ਹ ‘ਚ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬਸਪਾ ਉਮੀਦਵਾਰ ਡਾ: ਰੀਤੂ ਸਿੰਘ ਵੀ ਇਸ ਚੋਣ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਲਈ 614 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਸਾਰੇ 614 ਪੋਲਿੰਗ ਸਟੇਸ਼ਨਾਂ ‘ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਚੰਡੀਗੜ੍ਹ ਦੇ 6 ਲੱਖ 59 ਹਜ਼ਾਰ 804 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ।