ਲੁਧਿਆਣਾ : ਪ੍ਰੀਖਿਆਵਾਂ ਦਾ ਵਿਦਿਆਰਥੀ ਜੀਵਨ ਵਿੱਚ ਅਹਿਮ ਸਥਾਨ ਹੁੰਦਾ ਹੈ। ਇਮਤਿਹਾਨ ਨਾ ਸਿਰਫ਼ ਵਿਦਿਆਰਥੀ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਸਾਹਮਣੇ ਲਿਆਉਂਦਾ ਹੈ, ਸਗੋਂ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਨਾਲ ਉਸ ਦੀ ਉੱਚ ਸਿੱਖਿਆ ਦਾ ਰਾਹ ਖੁੱਲ੍ਹਦਾ ਹੈ।
ਪ੍ਰੀਖਿਆ ਦੇ ਸਮੇਂ ਵਿਦਿਆਰਥੀ ਅਕਸਰ ਤਣਾਅ ਵਿੱਚ ਆ ਜਾਂਦੇ ਹਨ। ਇਸ ਤਣਾਅ ਨੂੰ ਦੂਰ ਕਰਨ ਲਈ ਇੱਕ ਵਿਸ਼ੇਸ਼ ਸੰਵਾਦ ਪ੍ਰੋਗਰਾਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਪਰੀਕਸ਼ਾ ਪੇ ਚਰਚਾ ‘ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰੀਖਿਆ ਦੇਣ ਲਈ ਤਿਆਰ ਵਿਦਿਆਰਥੀ, ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਮਾਪੇ ਅਤੇ ਅਧਿਆਪਕ ਵੀ ਸ਼ਾਮਲ ਹੋਏ ਅਤੇ ਦੇਸ਼ ਭਰ ਤੋਂ ਵਿਦਿਆਰਥੀ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨਾਲ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿੱਚ ਦ੍ਰਿਸ਼ਟੀ ਡਾ: ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ, ਲੁਧਿਆਣਾ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 241 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਭਾਗ ਲਿਆ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ, ਸਮਾਂ ਪ੍ਰਬੰਧਨ, ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਤਰੀਕਿਆਂ ਤੋਂ ਇਲਾਵਾ ਇਮਤਿਹਾਨਾਂ ਦੌਰਾਨ ਤਣਾਅ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ।