ਲੁਧਿਆਣਾ : ਗੁਰੂ ਰਵਿਦਾਸ ਜੀ ਦਾ 645ਵਾਂ ਪ੍ਰਕਾਸ਼ ਪੁਰਬ ਗੁਰੂ ਨਾਮ ਲੇਵਾ ਸੰਗਤਾਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਦੇ ਪ੍ਰਧਾਨ ਜਿੰਦਰਪਾਲ ਦੜੌਚ ਨੇ ਦੱਸਿਆ ਕਿ 15 ਫਰਵਰੀ ਮੰਗਲਵਾਰ ਨੂੰ ਜੁਗੋ ਜੁਗੋ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਦੇ ਸਮੂਹ ਅਹੁਦੇਦਾਰਾਂ ਦੀ ਅਗਵਾਈ ਹੇਠ ਬਾਅਦ ਦੁਪਹਿਰ 1 ਵਜੇ ਸ਼ੋਭਾ ਯਾਤਰਾ ਦੀ ਆਰੰਭਤਾ ਹੋਵੇਗੀ।
ਇਸ ਵਿਚ ਬੈਂਡ ਬਾਜੇ, ਸਕੂਲੀ ਬੱਚੇ, ਹਾਥੀ-ਘੋੜੇ ਸ਼ਾਮਿਲ ਹੋਣਗੇ। ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਜਾਵੇਗਾ। ਸ਼ੋਭਾ ਯਾਤਰਾ ਦੇ ਰੂਟ ਨੂੰ ਸੁੰਦਰ ਗੇਟਾਂ, ਰੰਗ ਬਰੰਗੀਆਂ ਝੰਡੀਆਂ, ਝਿਲਮਿਲ ਸਿਤਾਰਿਆਂ, ਇਸ਼ਤਿਹਾਰਾਂ, ਬੈਨਰਾਂ, ਹੋਡਿੰਗਜ਼ ਅਤੇ ਲਾਈਟਾਂ ਨਾਲ ਸਜਾਇਆ ਜਾਵੇਗਾ। ਸ਼ੋਭਾ ਯਾਤਰਾ ਦੇ ਰੂਟ ‘ਤੇ ਜਗ੍ਹਾ ਜਗ੍ਹਾ ‘ਤੇ ਸੰਗਤਾਂ ਲਈ ਲੰਗਰ ਲਗਾਏ ਜਾਣਗੇ।
ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਤੋਂ ਆਰੰਭ ਹੋ ਕੇ ਭਗਵਾਨ ਵਾਲਮੀਕਿ ਚੌਕ, ਮਾਧੋਪੁਰੀ, ਡਿਵੀਜਨ ਨੰਬਰ 3, ਆਹਤਾ ਸ਼ੇਰਜੰਗ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ, ਜਗਰਾਉਂ ਪੁਲ, ਰੇਲਵੇ ਸਟੇਸ਼ਨ, ਚੌਕ ਘੰਟਾ ਘਰ, ਚੌੜਾ ਬਜ਼ਾਰ, ਚੌੜੀ ਸੜਕ ਵਾਲਾ ਰਸਤਾ ਗਊਸ਼ਾਲਾ ਰੋਡ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮੰਦਰ ਸ੍ਰੀ ਗੁਰੂ ਰਵਿਦਾਸ ਚੌਕ ਬਸਤੀ ਜੋਧੇਵਾਲ ਵਿਖੇ ਸੰਪਨ ਹੋਵੇਗੀ।
ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ‘ਚ ਸ਼ਾਮਿਲ ਝਾਕੀਆਂ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਸਭਾਵਾਂ ਅਤੇ ਉਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਜਨਰਲ ਸਕੱਤਰ ਨਰਿੰਦਰ ਰਾਏ ਬਿੱਟੂ, ਮੀਤ ਪ੍ਰਦਾਨ ਡਾ. ਰਾਮਜੀਤ ਸੂਦ, ਰਜਿੰਦਰ ਮੂਲਨਿਵਾਸੀ ਪ੍ਰਚਾਰ ਸਕੱਤਰ, ਦਰਸ਼ਨ ਲਾਲ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।