ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ, ਰੋਪੜ, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਦੇ ਵੱਖ-ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਫ਼ਸਲਾਂ ਦਾ ਮੁਆਇਨਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਜਿਹੜੇ ਝੋਨੇ ਦੀ ਪਰਾਲੀ ਦੀ ਖੇਤ ਵਿਚ ਸੰਭਾਲ ਕਰ ਰਹੇ ਹਨ, ਉਨ੍ਹਾਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਡਾ.ਗੋਸਲ ਨੇ ਦੱਸਿਆ ਕਿ ਫ਼ਸਲ ਆਮ ਤੌਰ ‘ਤੇ ਚੰਗੀ ਹਾਲਤ ਵਿਚ, ਕੀੜਿਆਂ ਜਿਵੇਂ ਕਿ ਚੇਪਾ ਅਤੇ ਪੀਲੀ ਕੁੰਗੀ ਤੋਂ ਮੁਕਤ ਹੈ ਅਤੇ ਦਾਣੇ ਦੇ ਵਿਕਾਸ ਦੇ ਪੜਾਅ ‘ਤੇ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜ਼ਿਆਦਾਤਰ ਕਿਸਾਨ ਆਪਣੀਆਂ ਫਸਲਾਂ ਸਿਫਾਰਿਸ਼ਾਂ ਅਨੁਸਾਰ ਸਿੰਚਾਈ ਕਰਦੇ ਹਨ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਤਾਪਮਾਨ ਅਜੇ ਵੀ ਏਨਾ ਨਹੀਂ ਵਧਿਆ ਕਿ ਝਾੜ ਨੂੰ ਕੋਈ ਨੁਕਸਾਨ ਪੁਚਾ ਸਕੇ ।
ਸਮਰਾਲਾ ਨੇੜੇ ਪਿੰਡ ਮੱਟਣ ਵਿੱਚ 25 ਏਕੜ ਜ਼ਮੀਨ ਵਿੱਚ ਕਣਕ ਦੀ ਸਤਹੀ ਬਿਜਾਈ ਕਰਨ ਵਾਲੇ ਸ. ਹਰਿੰਦਰ ਸਿੰਘ ਨੇ ਦੱਸਿਆ ਕਿ ਪੂਰੀ ਤਰ੍ਹਾਂ ਝੋਨੇ ਦੀ ਪਰਾਲੀ ਦੇ ਮਲਚ ਨਾਲ ਗੁੱਲੀ ਡੰਡਾ ਦਾ ਜੰਮ ਘਟ ਜਾਂਦਾ ਹੈ ਅਤੇ ਕਿਸੇ ਵੀ ਕਿਸਮ ਦੀ ਨਦੀਨ ਦੀ ਰੋਕਥਾਮ ਕੀਤੀ ਜਾਂਦੀ ਹੈ। ਕਿਸਾਨ ਨੇ ਦਾਅਵਾ ਕੀਤਾ ਕਿ ਬਿਜਾਈ ਦੇ ਖਰਚਿਆਂ ਵਿੱਚ ਹੋਰ ਤਰੀਕਿਆਂ ਦੇ ਮੁਕਾਬਲੇ 1500 ਤੋਂ 2500/- ਰੁਪਏ ਪ੍ਰਤੀ ਏਕੜ ਬੱਚਤ ਹੁੰਦੀ ਹੈ।
ਪਿੰਡ ਡੂਮਛੇੜੀ, ਜ਼ਿਲ੍ਹਾ ਰੋਪੜ ਦੇ ਸ: ਅਜੀਤਪਾਲ ਸਿੰਘ ਨੇ ਪਿਛਲੇ ਸਾਲ ਇੱਕ ਏਕੜ ਵਿੱਚ ਸਤਹ ਬੀਜਣ ਦੀ ਤਕਨੀਕ ਦਾ ਮੁਲਾਂਕਣ ਕਰਨ ਤੋਂ ਬਾਅਦ ਮੌਜੂਦਾ ਸੀਜ਼ਨ ਵਿੱਚ 5 ਏਕੜ ਵਿੱਚ ਇਸ ਦੀ ਵਰਤੋਂ ਕੀਤੀ। ਉਸਨੇ ਦੱਸਿਆ ਕਿ ਇਸ ਤਕਨੀਕ ਵੱਲ ਜਾਣ ਦੇ ਕਾਰਨ ਸੌਖ ਅਤੇ ਘੱਟ ਤੋਂ ਘੱਟ ਨਦੀਨਾਂ ਦਾ ਸਾਮ੍ਹਣਾ ਕਰਨਾ ਹਨ। ਉਹ ਅਗਲੇ ਸਾਲ ਇਸ ਤਕਨੀਕ ਨਾਲ ਕਣਕ ਦੀ ਸਾਰੀ ਫ਼ਸਲ ਬੀਜਣ ਦੀ ਯੋਜਨਾ ਬਣਾ ਰਿਹਾ ਹੈ।
ਜ਼ਿਆਦਾਤਰ ਕਿਸਾਨਾਂ ਨੇ ਤਕਨੀਕ ਨੂੰ ਲਾਗਤਾਂ ਪੱਖੋਂ ਪ੍ਰਭਾਵਸ਼ਾਲੀ, ਵਾਤਾਵਰਣ-ਅਨੁਕੂਲ, ਪਾਣੀ-ਕੁਸ਼ਲ ਪਾਇਆ ਕਿਉਂਕਿ ਇਹ ਰਵਾਇਤੀ ਤਰੀਕਿਆਂ ਨਾਲ ਬੀਜੀ ਗਈ ਫਸਲ ਦੇ ਮੁਕਾਬਲੇ ਕਣਕ ਵਿੱਚ ਘੱਟੋ-ਘੱਟ ਇੱਕ ਸਿੰਚਾਈ ਬਚਾਉਂਦੀ ਹੈ ਅਤੇ ਖਾਦਾਂ ਦੀ ਸਿਫਾਰਸ਼ ਕੀਤੀ ਖੁਰਾਕ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਮੋਟੀ ਮੱਲਚ ਰਾਹੀਂ 4 ਤੋਂ 5 ਦਿਨਾਂ ਵਿੱਚ ਅਗੇਤੀ ਫ਼ਸਲ ਜੰਮਦੀ ਹੈ, ਗੂੜ੍ਹੇ ਹਰੇ ਪੱਤਿਆਂ ਦਾ ਰੰਗ, ਬਿਨਾਂ ਕਿਸੇ ਭਾਰੀ ਮਸ਼ੀਨਰੀ ਦੇ ਸਮੇਂ ਸਿਰ ਬਿਜਾਈ ਆਦਿ ਹੋਰ ਫਾਇਦੇ ਹਨ। ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਆਪਣੀ ਕਣਕ ਦੀ ਫ਼ਸਲ ਨੂੰ ਸਤਹੀ ਬੀਜ ਤਕਨੀਕ ਨਾਲ ਉਗਾਇਆ ਸੀ, ਉਨ੍ਹਾਂ ਨੇ ਪ੍ਰਤੀ ਏਕੜ ਇੱਕ ਕੁਇੰਟਲ ਝਾੜ ਦਾ ਫਾਇਦਾ ਦੱਸਿਆ।