ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਿਖੇ ਅੰਡਰ ਗੈ੍ਰਜੂਏਟ ਡਿਗਰੀ ਕਰ ਰਹੇ 20 ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿਖਲਾਈ ਲੈਣ ਲਈ ਥਾਈਲੈਂਡ ਦੇ ਸੈਂਟਰ ਆਫ਼ ਐਕਸੀਲੈਂਸ ਇਨ ਸੀ-ਫੂਡ ਸਾਇੰਸ ਐਂਡ ਇਨੋਵੇਸ਼ਨ ਸੰਸਥਾ ਵਿਖੇ ਦੋ ਹਫ਼ਤੇ ਲਈ ਭੇਜਿਆ ਗਿਆ ਹੈ। ਇਹ ਸਿਖਲਾਈ ਉਨ੍ਹਾਂ ਨੂੰ ਸੰਸਥਾ ਵਿਕਾਸ ਯੋਜਨਾ ਤਹਿਤ ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਅਧੀਨ ਕਰਵਾਈ ਜਾ ਰਹੀ ਹੈ।
ਡੀਨ ਕਾਲਜ ਆਫ਼ ਫ਼ਿਸ਼ਰੀਜ਼ ਡਾ. ਮੀਰਾ ਡੀ. ਆਂਸਲ ਨੇ ਕਿਹਾ ਕਿ ਇਹ ਵਿਦਿਆਰਥੀ ਇਸ ਸੰਸਥਾ ਵਿਚ ਸਮੁੰਦਰੀ ਜਲ ਜੀਵ ਭੋਜਨ ਦੀ ਪ੍ਰਾਸੈਸਿੰਗ ਅਤੇ ਗੁਣਵੱਤਾ ਵਧਾਉਣ ਦੇ ਕੰਮ ਨੂੰ ਸਿੱਖਣਗੇ। ਡੀਨ ਵੈਟਰਨਰੀ ਸਾਇੰਸ ਕਾਲਜ ਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਇਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਨਵੀਂ ਕੌਸ਼ਲ ਮੁਹਾਰਤ ਦੇਣ ਲਈ ਬਹੁਤ ਜ਼ਿਕਰਯੋਗ ਉਪਰਾਲੇ ਕਰ ਰਹੀ ਹੈ।
ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਇਸ ਗੱਲ ‘ਤੇ ਪ੍ਰਸੰਸਾ ਪ੍ਰਗਟ ਕੀਤੀ ਕਿ ਨੌਜਵਾਨ ਪੇਸ਼ੇਵਰ ਉਨਤ ਗਿਆਨ ਅਤੇ ਕੌਸ਼ਲ ਸਿੱਖਣਗੇ ਜਿਸ ਨਾਲ ਉਨ੍ਹਾਂ ਦਾ ਸਵੈ-ਵਿਸ਼ਵਾਸ ਮਜ਼ਬੂਤ ਹੋਵੇਗਾ। ਉਹ ਵਰਤਮਾਨ ਅਤੇ ਭਵਿੱਖ ਦੀਆਂ ਭੋਜਨ ਸੁਰੱਖਿਆ ਚੁਨੌਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣਗੇ।