ਲੁਧਿਆਣਾ : ਮੁੱਖ ਮੰਤਰੀ ਸਨਮਾਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪਸ਼ੂ ਪਾਲਣ ਦੇ ਕਿੱਤਿਆਂ ਵਿਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਇਸ ਵਰ੍ਹੇ ਮੁੱਖ ਮੰਤਰੀ ਇਨਾਮ ਦੇਣ ਲਈ 2 ਅਗਸਤ 2022 ਤੱਕ ਅਰਜ਼ੀਆਂ ਲੈਣ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
ਲਗਭਗ 2.5 ਸਾਲ ਦੇ ਕੋਰੋਨਾ ਕਾਲ ਦੇ ਵਕਫ਼ੇ ਬਾਅਦ ਇਸ ਵਾਰ ਸਤੰਬਰ 2022 ਵਿਚ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਮੇਲਾ ਕਰਵਾਏ ਜਾਣ ਦੀ ਸੰਭਾਵਨਾ ਬਣੀ ਹੈ, ਜਿਸ ਦੌਰਾਨ ਇਹ ਪੁਰਸਕਾਰ ਦਿੱਤੇ ਜਾਣਗੇ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਇਨਾਮ ਪਸ਼ੂ ਪਾਲਣ ਦੇ ਖੇਤਰ ਵਿਚ ਕੰਮ ਕਰਨ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ 7 ਸ਼੍ਰੇਣੀਆਂ ਵਿਚ ਦਿੱਤਾ ਜਾਂਦਾ ਹੈ।
ਸਤੰਬਰ ਦੇ ਮਹੀਨੇ ਵਿਚ ਗਾਂਵਾਂ, ਮੁਰਗ਼ੀ ਪਾਲਣ ਅਤੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਕਿੱਤਾ ਕਰਨ ਵਾਲੇ ਕਿਸਾਨਾਂ ਨੂੰ ਇਨਾਮ ਦਿੱਤਾ ਜਾਏਗਾ ਜਦਕਿ ਮੱਝਾਂ, ਬੱਕਰੀਆਂ, ਸੂਰ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਮਾਰਚ 2023 ਵਿਚ ਸਨਮਾਨਿਤ ਕੀਤਾ ਜਾਏਗਾ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।