ਲੁਧਿਆਣਾ : ਹੌਜ਼ਰੀ, ਸਾਈਕਲ ਅਤੇ ਆਟੋ ਪਾਰਟਸ ਬਣਾਉਣ ਵਾਲੀਆਂ ਐਮਐਸਐਮਈ ਯੂਨਿਟਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਕਲੱਸਟਰ ਵਿਸ਼ੇਸ਼ ਸਕੀਮ ਨੂੰ ਹੁਲਾਰਾ ਦੇਣ ਲਈ, ਯੂਨੀਅਨ ਬੈਂਕ ਆਫ਼ ਇੰਡੀਆ ਨੇ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਆ ਆਰਗੇਨਾਈਜ਼ੇਸ਼ਨ (ਫਿਕੋ ) ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ‘ਐਮਐਸਐਮਈ ਮੈਗਾ ਕ੍ਰੈਡਿਟ ਕੈਂਪ’ ਦਾ ਆਯੋਜਨ ਕੀਤਾ। ਸ਼੍ਰੀ ਅਰੁਣ ਕੁਮਾਰ, ਜਨਰਲ ਮੈਨੇਜਰ ਕੇਂਦਰੀ ਦਫਤਰ ਯੂਨੀਅਨ ਬੈਂਕ ਨੇ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਮਐਸਐਮਈ ਸੈਕਟਰ ਲਈ ਯੂਨੀਅਨ ਬੈਂਕ ਆਫ ਇੰਡੀਆ ਦੀਆਂ ਵੱਖ-ਵੱਖ ਕ੍ਰੈਡਿਟ ਸਕੀਮਾਂ ਬਾਰੇ ਦੱਸਿਆ।
ਸ਼੍ਰੀ ਰਾਕੇਸ਼ ਮਿੱਤਲ ਰੀਜਨਲ ਹੈੱਡ ਲੁਧਿਆਣਾ ਯੂਨੀਅਨ ਬੈਂਕ ਆਫ਼ ਇੰਡੀਆ ਨੇ ਦੱਸਿਆ ਕਿ ਕਰੈਡਿਟ ਕੈਂਪ ਦੌਰਾਨ 12 ਐਮਐਸਐਮਈ ਖਾਤਿਆਂ ਲਈ 10.12 ਕਰੋੜ ਰੁਪਏ ਦੀ ਕਰਜ਼ਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਕਲੱਸਟਰ ਸਕੀਮਾਂ ਦੇ ਸਬੰਧ ਵਿੱਚ 58 ਕਰੋੜ ਰੁਪਏ ਦੇ 16 ਖਾਤਿਆਂ ਲਈ ਪ੍ਰਿੰਸੀਪਲ ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁਹਿੰਮ ਦੌਰਾਨ 185 ਕਰੋੜ ਰੁਪਏ ਦੀਆਂ ਹੋਰ 18 ਲੀਡਾਂ ‘ਤੇ ਚਰਚਾ ਕੀਤੀ ਗਈ ਹੈ।
ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਦੱਸਿਆ ਕਿ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਫਿਕੋ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੈਗਾ ਕ੍ਰੈਡਿਟ ਕੈਂਪ ਵਿੱਚ 28 ਐਮਐਸਐਮਈ ਨੂੰ ਕਲੱਸਟਰ ਸਕੀਮਾਂ ਵਿੱਚ ਤਕਨਾਲੋਜੀ ਅਪਗ੍ਰੇਡੇਸ਼ਨ ਲਈ 68.12 ਕਰੋੜ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦਿੱਤੀ ਗਈ। ਜੋ ਕਿ ਸਮੇਂ ਦੀ ਲੋੜ ਹੈ ਕਿਉਂਕਿ ਐਮਐਸਐਮਈ ਇਕਾਈਆਂ ਪੁਰਾਣੀਆਂ ਤਕਨੀਕਾਂ ‘ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਨਿਰਮਾਣ ਦੇ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨ ਲਈ ਅੱਪਡੇਟ ਕਰਨ ਦੀ ਲੋੜ ਹੈ।
ਸ. ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਫਿਕੋ ਨੇ ਯੂਨੀਅਨ ਬੈਂਕ ਆਫ ਇੰਡੀਆ ਨੂੰ ਉਨ੍ਹਾਂ ਦੀ ਪਹਿਲਕਦਮੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਵੀ ਐਮਐਸਐਮਈ ਸੈਕਟਰ ਲਈ ਵਿਸ਼ੇਸ਼ ਸਕੀਮਾਂ ਨਾਲ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਐਮਐਸਐਮਈ ਸੈਕਟਰ ਕੋਵਿਡ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।