ਲੁਧਿਆਣਾ : ਬੀਤੇ ਦਿਨੀਂ ਪਾਲਮਪੁਰ ਵਿੱਚ ਆਯੋਜਿਤ ਨੈਸਨਲ ਗਰੁੱਪ ਮੀਟ ਵਿੱਚ ਪੀ.ਏ.ਯੂ. ਵੱਲੋਂ ਵਿਕਸਿਤ ਚਾਰੇ ਵਾਲੀ ਮੱਕੀ ਦੀ ਇੱਕ ਕਿਸਮ ਦੇ ਨਾਲ ਦੋ ਚਾਰੇ ਵਾਲੇ ਬਾਜਰੇ ਦੀਆਂ ਕਿਸਮਾਂ ਨੂੰ ਕਾਸ਼ਤ ਲਈ ਪ੍ਰਵਾਨਗੀ ਮਿਲੀ | ਇਹ ਪਹਿਲੀ ਵਾਰ ਹੈ ਕਿ ਪੀਏਯੂ ਦੀਆਂ ਚਾਰੇ ਦੀਆਂ ਫਸਲਾਂ ਦੀਆਂ ਤਿੰਨ ਕਿਸਮਾਂ ਇੱਕੋ ਸਮੇਂ ਰਾਸਟਰੀ ਪੱਧਰ ’ਤੇ ਜਾਰੀ ਹੋ ਰਹੀਆਂ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸਦ ਦੀ ਕਿਸਮ ਪਛਾਣ ਕਮੇਟੀ ਨੇ ਦੋ ਚਾਰੇ ਵਾਲੇ ਬਾਜਰੇ ਦੀਆਂ ਕਿਸਮਾਂ ਦੀ ਪਛਾਣ ਕੀਤੀ ਹੈ | ਇਹਨਾਂ ਵਿੱਚ ਪੀਸੀਬੀ 166 ਅਤੇ ਪੀਸੀਬੀ 168 ਦੇ ਨਾਲ-ਨਾਲ ਮੱਕੀ ਦੀ ਚਾਰੇ ਵਾਲੀ ਕਿਸਮ ਜੇ-1009 ਨੂੰ ਪੀ.ਏ.ਯੂ. ਦੁਆਰਾ ਵਿਕਸਤ ਕੀਤਾ ਗਿਆ ਹੈ|ਵਾਈਸ ਚਾਂਸਲਰ ਨੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਚਾਰਾ ਮਿਲਟ ਸੁਧਾਰ ਟੀਮ ਨੂੰ ਵਧਾਈ ਦਿੱਤੀ |
ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੀਸੀਬੀ 166 ਕਿਸਮ ਦੇ ਚਾਰੇ ਦੇ ਬਾਜਰੇ ਨੂੰ ਭਾਰਤ ਦੇ ਉੱਤਰ ਪੱਛਮੀ ਜੋਨ ਅਤੇ ਦੱਖਣੀ ਜੋਨਾਂ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਤਾਮਿਲਨਾਡੂ, ਤੇਲੰਗਾਨਾ ਅਤੇ ਕਰਨਾਟਕ ਰਾਜਾਂ ਵਿੱਚ ਜਾਰੀ ਕਰਨ ਲਈ ਚੁਣਿਆ ਗਿਆ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਬਾਜਰੇ ਦੀ ਦੂਸਰੀ ਕਿਸਮ ਪੀਸੀਬੀ-168 ਨੂੰ ਭਾਰਤ ਦੇ ਉੱਤਰ ਪੱਛਮੀ ਜੋਨ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਰਾਜਾਂ ਵਿੱਚ ਜਾਰੀ ਕਰਨ ਲਈ ਚੁਣਿਆ ਗਿਆ ਹੈ |