ਲੁਧਿਆਣ : ਹੋਲਾ ਮੁਹੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੇ ਅੰਮ੍ਰਿਤਸਰ ਦੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਹਾਦਸੇ ‘ਚ ਇਕ ਵਿਅਕਤੀ ਨੇ ਦਮ ਤੋੜ ਦਿੱਤਾ ਜਦਕਿ ਕੁਝ ਲੋਕ ਜ਼ਖਮੀ ਹੋ ਗਏ। ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅੰਮ੍ਰਿਤਸਰ ਦੇ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਦੀਪ ਸਿੰਘ, ਮਾਤਾ ਗੁਰਜੀਤ ਕੌਰ, ਮਾਮਾ ਸੁਖਜੀਤ ਸਿੰਘ ਅਤੇ ਮਾਮੀ ਹਰਜਿੰਦਰ ਕੌਰ ਆਪਣੀ ਕਾਰ ਬਰੇਜ਼ਾ ਵਿੱਚ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਵਾਪਸ ਆ ਰਹੇ ਸਨ। ਜਦੋਂ ਉਹ ਦਿੱਲੀ ਨੈਸ਼ਨਲ ਹਾਈਵੇਅ ‘ਤੇ ਪਿੰਡ ਜੋਗੀਆਣਾ ਕੋਲ ਪਹੁੰਚਿਆ ਤਾਂ ਪਸ਼ੂਆਂ ਨਾਲ ਭਰੇ ਟਰੱਕ ਦੇ ਡਰਾਈਵਰ ਨੇ ਪਹਿਲਾਂ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਬਾਅਦ ‘ਚ ਗੱਡੀ ਦੇ ਉੱਪਰੋਂ ਪਲਟ ਗਈ।
ਇਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਪਿਤਾ ਗੁਰਦੀਪ ਸਿੰਘ ਨੇ ਦਮ ਤੋੜ ਦਿੱਤਾ ਹੈ। ਜਦਕਿ ਉਸ ਦੀ ਮਾਤਾ, ਮਾਮਾ ਅਤੇ ਮਾਮੀ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।