ਚੰਡੀਗੜ੍ਹ: ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਆਈ ਹੈ। ਦਰਅਸਲ ਅੱਜ ਸੂਬੇ ਭਰ ਦੇ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਵੀ ਕਿਤੇ ਜਾਣ ਦਾ ਪਲਾਨ ਬਣਾਇਆ ਹੈ ਤਾਂ ਤੁਹਾਨੂੰ ਰਸਤੇ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ ਦੇ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਵੱਖ-ਵੱਖ ਯੂਨੀਅਨਾਂ ਨੇ ਕਿਹਾ ਹੈ ਕਿ ਸੂਬੇ ਭਰ ਦੇ ਬੱਸ ਸਟੈਂਡ 3 ਅਪ੍ਰੈਲ ਨੂੰ 2 ਘੰਟੇ ਲਈ ਬੰਦ ਰਹਿਣਗੇ।ਨਾਲ ਹੀ ਐਲਾਨ ਕੀਤਾ ਕਿ ਕੱਚੇ ਕਾਮੇ 6, 7 ਅਤੇ 8 ਅਪ੍ਰੈਲ ਨੂੰ ਮੁਕੰਮਲ ਹੜਤਾਲ ‘ਤੇ ਰਹਿਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਤਾਂ ਪੇਸ਼ ਕਰ ਦਿੱਤਾ ਹੈ ਪਰ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ। ਯੂਨੀਅਨ ਨੇ ਪੰਜਾਬ ਸਰਕਾਰ ਤੋਂ 10 ਹਜ਼ਾਰ ਨਵੀਆਂ ਬੱਸਾਂ ਖਰੀਦਣ ਦੀ ਵੀ ਮੰਗ ਕੀਤੀ ਹੈ।