ਲੁਧਿਆਣਾ : ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਵਫ਼ਦ ਵਲੋਂ ਪ੍ਰਧਾਨ ਜੇ.ਪੀ. ਅਗਰਵਾਲ ਦੀ ਅਗਵਾਈ ‘ਚ ਟਰਾਂਸਪੋਰਟ ਨਗਰ ਦੇ ਬੁਨਿਆਦੀ ਢਾਂਚੇ ਦੀ ਮਾੜੀ ਹਾਲਤ ਦੇ ਸਬੰਧ ‘ਚ ਨਗਰ ਨਿਗਮ ਲੁਧਿਆਣਾ ਦੇ ਜ਼ੋਨ ਬੀ ਦੇ ਜ਼ੋਨਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਵਲੋਂ ਜ਼ੋਨਲ ਕਮਿਸ਼ਨਰ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ।
ਸ਼੍ਰੀ ਅਗਰਵਾਲ ਨੇ ਜ਼ੋਨਲ ਕਮਿਸ਼ਨਰ ਨੂੰ ਟਰਾਂਸਪੋਰਟ ਨਗਰ ਦੀਆਂ 3 ਮੁੱਖ ਸੜਕਾਂ ਨੂੰ ਤੁਰੰਤ ਬਣਵਾਉਣ, ਟਰਾਂਸਪੋਰਟ ਨਗਰ ਦੇ ਸੀਵਰੇਜ਼ ਨੂੰ ਸਾਫ਼ ਕਰਵਾਉਣ, ਟਰਾਂਸਪੋਰਟ ਨਗਰ ‘ਚੋਂ ਲੰਘਦੇ ਨਾਲੇ ਨੂੰ ਚਾਲੂ ਕਰਵਾਉਣ, ਟਰਾਂਸਪੋਰਟ ਨਗਰ ਵਿਚਲੇ ਟਰੱਕਾਂ ਨੂੰ ਖੜ੍ਹਾਂ ਕਰਨ ਲਈ ਰਾਖਵੀਂ ਪਾਰਕਿੰਗ ਵਾਲੀ ਥਾਂ ਨੂੰ ਵਿਕਸਿਤ ਕਰਨ, ਟਰਾਂਸਪੋਰਟ ਨਗਰ ‘ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ, ਟਰਾਂਸਪੋਰਟ ਨਗਰ ਵਿਚ ਸਫ਼ਾਈ ਦਾ ਪ੍ਰਬੰਧ ਕਰਨ ਤੇ ਕੂੜੇ ਨੂੰ ਸਮੇਂ ਸਿਰ ਚੁਕਵਾਉਣ ਲਈ ਸਖ਼ਤ ਕਦਮ ਚੁੱਕਣ ਅਤੇ ਟਰਾਂਸਪੋਰਟ ਨਗਰ ਦੀਆਂ ਲਾਈਟਾਂ ਨੂੰ ਚਾਲੂ ਕਰਨ ਦੀ ਮੰਗ ਕੀਤੀ।
ਜ਼ੋਨਲ ਕਮਿਸ਼ਨਰ ਨੇ ਟਰਾਂਸਪੋਰਟਰਾਂ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਕੱਢਣ ਲਈ ਹਰ ਯਤਨ ਕਰਨਗੇ। ਇਸ ਮੌਕੇ ਦੀਦਾਰ ਸਿੰਘ ਸਾਬਕਾ ਪ੍ਰਧਾਨ, ਗੁਰਦੀਪ ਸਿੰਘ ਕਾਲੜਾ ਜਨਰਲ ਸਕੱਤਰ, ਤਰਲੋਚਣ ਸਿੰਘ ਉਪ ਚੇਅਰਮੈਨ, ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤੀਸ਼ ਕੁੱਕੀ ਮੀਤ ਪ੍ਰਧਾਨ, ਪ੍ਰਧਾਨ ਸਿੰਘ ਸਰਪ੍ਰਸਤ, ਵਿਕਾਸ ਅਗਰਵਾਲ ਸਕੱਤਰ, ਵਿੱਕੀ ਕੁਮਾਰ, ਗੁਰਬਚਨ ਸਿੰਘ, ਸ਼ਾਹ ਜੀ ਕਲਰਕ ਆਦਿ ਹਾਜ਼ਰ ਸਨ।