ਇੰਡੀਆ ਨਿਊਜ਼
ਬਠਿੰਡਾ ਬੱਸ ਸਟੈਂਡ ਦਾ ਟਰਾਂਸਪੋਰਟ ਮੰਤਰੀ ਨੇ ਅਚਨਚੇਤ ਕੀਤਾ ਦੌਰਾ
Published
3 years agoon
ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਬਠਿੰਡਾ ਬੱਸ ਸਟੈਂਡ ਦਾ ਅਚਨਚੇਤ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਬੱਸ ਸਟੈਂਡ ਵਿੱਚ ਸਾਫ਼-ਸਫ਼ਾਈ, ਪੀਣ ਲਈ ਪਾਣੀ ਵਾਲੇ ਆਰ.ਓ. ਸਿਸਟਮ, ਬੱਸ ਸਟੈਂਡ ‘ਚ ਮੌਜੂਦ ਦੁਕਾਨਾਂ ਅਤੇ ਪਖ਼ਾਨਿਆਂ ਦੀ ਚੈਕਿੰਗ ਕੀਤੀ ਅਤੇ ਜਨਰਲ ਮੈਨੇਜਰ ਰਮਨ ਸ਼ਰਮਾ ਨੂੰ ਆਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਸਾਫ਼-ਸਫ਼ਾਈ ਵੱਲ ਹੋਰ ਵਧੇਰੇ ਧਿਆਨ ਦਿੱਤਾ ਜਾਵੇ ਅਤੇ ਬੱਸ ਸਟੈਂਡ ਅੰਦਰ ਲੱਗੀਆਂ ਦੁਕਾਨਾਂ/ਸਟਾਂਲਾਂ ਨੂੰ ਨਿਰਧਾਰਤ ਥਾਂ ਤੱਕ ਸੀਮਤ ਰੱਖਣਾ ਯਕੀਨੀ ਬਣਾਇਆ ਜਾਵੇ।
ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਆਰ.ਟੀ.ਏ. ਬਠਿੰਡਾ ਬਲਵਿੰਦਰ ਸਿੰਘ ਅਤੇ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਰਮਨ ਸ਼ਰਮਾ ਵੱਲੋਂ ਬੱਸ ਸਟੈਂਡ ਵਿਖੇ ਬੱਸਾਂ ਦੀ ਚੈਕਿੰਗ ਦੌਰਾਨ ਬਿਨਾਂ ਟੈਕਸ ਭਰੇ ਗ਼ੈਰ-ਕਾਨੂੰਨੀ ਤੌਰ ‘ਤੇ ਚਲਾਈਆਂ ਜਾ ਰਹੀਆਂ ਤਿੰਨ ਬੱਸਾਂ, ਜਿਨ੍ਹਾਂ ਵਿੱਚੋਂ ਦੋ ਆਰਬਿਟ ਐਵੀਏਸ਼ਨ ਅਤੇ ਇੱਕ ਮਾਲਵਾ ਟਰਾਂਸਪੋਰਟ ਕੰਪਨੀ ਨਾਲ ਸਬੰਧਤ ਹੈ, ਨੂੰ ਮੌਕੇ ‘ਤੇ ਹੀ ਬੰਦ ਕਰ ਦਿੱਤਾ ਗਿਆ। ਰਾਜਾ ਵੜਿੰਗ ਨੇ ਦੱਸਿਆ ਕਿ ਸੂਬੇ ਅੰਦਰ ਹੁਣ ਤਕ ਗ਼ੈਰ-ਕਾਨੂੰਨੀ ਢੰਗ ਨਾਲ ਅਤੇ ਬਿਨਾਂ ਟੈਕਸ ਭਰੇ ਚਲਾਈਆਂ ਜਾ ਰਹੀਆਂ ਕਰੀਬ 300 ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 35 ਬੱਸਾਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜਦੋਂ ਬੱਸ ਆਪ੍ਰੇਟਰ ਸਵਾਰੀ ਦੀ ਟਿਕਟ ਦੇ ਰੂਪ ਵਿੱਚ ਬਣਦਾ ਟੈਕਸ ਵਸੂਲ ਰਹੇ ਹਨ ਤਾਂ ਉਹ ਸਰਕਾਰ ਦਾ ਟੈਕਸ ਭਰਨ ਤੋਂ ਕਿਉਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਬੱਸ ਆਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਟੈਕਸ ਭਰੇ ਕੋਈ ਵੀ ਬੱਸ ਨਾ ਚਲਾਈ ਜਾਵੇ।
ਉੱਥੇ ਹੀ ਟਰਾਂਸਪੋਰਟ ਮੰਤਰੀ ਵੱਲੋਂ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਵੀਂ ਭਰਤੀ ਰੈਗੂਲਰ ਤੌਰ ‘ਤੇ ਹੀ ਕੀਤੀ ਜਾਵੇਗੀ। ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਦੱਸਣ ‘ਤੇ ਟਰਾਂਸਪੋਰਟ ਮੰਤਰੀ ਨੇ ਮੌਕੇ ‘ਤੇ ਹੀ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੀ ਮਿਲੇ ਅਤੇ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਟਰਾਂਸਪੋਟਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਵਿਰੁੱਧ ਨਾਜਾਇਜ਼ ਕਾਰਵਾਈ ਨਹੀਂ ਹੋਵੇਗੀ।ਉਨ੍ਹਾਂ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਟੈਕਸ ਭਰੇ ਬੱਸਾਂ ਨਾ ਚਲਾਈਆਂ ਜਾਣ। ਉਨ੍ਹਾਂ ਨਾਲ ਆਰ.ਟੀ.ਏ. ਬਠਿੰਡਾ ਬਲਵਿੰਦਰ ਸਿੰਘ, ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ, ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਵੱਲੋਂ ਰਸ਼ਪਾਲ ਸਿੰਘ ਆਹਲੂਵਾਲੀਆ ਅਤੇ ਮਿੰਨੀ ਬੱਸ ਅਪਰੇਟਰਜ਼ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਹੈਪੀ ਆਦਿ ਮੌਜੂਦ ਰਹੇ।