ਲੁਧਿਆਣਾ : ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਕਿਸਾਨਾਂ ਲਈ ਵਿਗਿਆਨਕ ਸੂਰ ਪਾਲਣ ਬਾਰੇ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਸਿਖਲਾਈ ਪ੍ਰੋਗਰਾਮ ਵਿੱਚ ਦਸ ਸਿੱਖਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨਕ ਸੂਰ ਪਾਲਣ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਨਸਲਾਂ ਅਤੇ ਇਸਦੀ ਚੋਣ, ਖੁਰਾਕ, ਢਾਰੇ ਜਾਂ ਸ਼ੈਡ, ਸਾਫ਼ ਮੀਟ ਉਤਪਾਦਨ, ਟੀਕਾਕਰਨ ਸਾਰਨੀ, ਬਿਮਾਰੀਆਂ ਦੀ ਰੋਕਥਾਮ ਅਤੇ ਸੂਰ ਪਾਲਣ ਦੇ ਅਰਥ ਸ਼ਾਸਤਰ ਬਾਰੇ ਗਿਆਨ ਪ੍ਰਾਪਤ ਕੀਤਾ। ਸਿੱਖਿਆਰਥੀਆਂ ਨੂੰ ਵਿਗਿਆਨਕ ਪ੍ਰਬੰਧਨ ਅਭਿਆਸਾਂ ਜਿਵੇਂ ਕਿ ਸੰਭਾਲ, ਤਾਪਮਾਨ ਦੀ ਰਿਕਾਰਡਿੰਗ, ਰਿਕਾਰਡ ਰੱਖਣ ਅਤੇ ਦੰਦ ਕੱਟਣ ਬਾਰੇ ਵਿਹਾਰਕ ਗਿਆਨ ਦਿੱਤਾ ਗਿਆ।
ਸਮਾਪਨ ਸਮਾਰੋਹ ਵਿੱਚ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ, ਪਸਾਰ ਸਿੱਖਿਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਡਾ. ਬਰਾੜ ਨੇ ਦੱਸਿਆ ਕਿ ਇੱਕ ਵੱਡੀ ਆਬਾਦੀ ਅਜੇ ਵੀ ਘੱਟ ਮੁਨਾਫ਼ੇ ਵਾਲੇ ਸੂਰ ਪਾਲਣ ਦੇ ਧੰਦੇ ਨਾਲ ਜੁੜੀ ਹੋਈ ਹੈ, ਇਸ ਲਈ ਕਿਸਾਨਾਂ ਨੂੰ ਵਿਗਿਆਨਕ ਸੂਰ ਪਾਲਣ ਦੇ ਕਿੱਤੇ ਨੂੰ ਅਪਨਾਉਣ ਲਈ ਸਿਖਲਾਈ ਦੇਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਮੁਨਾਫ਼ੇ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਕਿਹਾ ਕਿ ਯੂਨੀਵਰਸਿਟੀ ਦੇ ਦਰਵਾਜ਼ੇ ਕਿਸਾਨਾਂ ਲਈ ਹਮੇਸ਼ਾ ਖੁੱਲ੍ਹੇ ਹਨ ਜੋ ਗਿਆਨ ਅਤੇ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਗੱਲਬਾਤ ਕਰਨ, ਆਪਣਾ ਗਿਆਨ ਵਧਾਉਣ ਅਤੇ ਹੋਰ ਕਿਸਾਨਾਂ ਦੀ ਮਦਦ ਕਰਨ ਲਈ ਯੂਨੀਵਰਸਿਟੀ ਦੇ ਸਾਹਿਤ ਦਾ ਅਧਿਐਨ ਕਰਨ ਲਈ ਵੀ ਪ੍ਰੇਰਿਤ ਕੀਤਾ।