ਲੁਧਿਆਣਾ : ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਵਿਗਿਆਨਕ ਸੂਰ ਪਾਲਣ ਬਾਰੇ 3 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਇਹ ਸਿਖਲਾਈ ਪ੍ਰੋਗਰਾਮ ਡਾ. ਕੁਲਵਿੰਦਰ ਸਿੰਘ ਸੰਧੂ ਅਤੇ ਡਾ. ਸੁਭਾਸ਼ ਚੰਦਰ ਨੇ ਕੋਰਸ ਡਾਇਰੈਕਟਰ ਅਤੇ ਵਿਭਾਗ ਦੇ ਮੁਖੀ ਡਾ. ਯਸ਼ਪਾਲ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਵਿਚ 15 ਸਿੱਖਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨਕ ਸੂਰ ਪਾਲਣ ਦੇ ਵੱਖ-ਵੱਖ ਪਹਿਲੂਆਂ ਨਸਲਾਂ ਤੇ ਇਸ ਦੀ ਚੋਣ, ਖੁਰਾਕ, ਢਾਰੇ ਜਾਂ ਸ਼ੈਡ, ਸਾਫ਼ ਮੀਟ ਉਤਪਾਦਨ, ਟੀਕਾਕਰਨ ਸਾਰਨੀ, ਬਿਮਾਰੀਆਂ ਦੀ ਰੋਕਥਾਮ ਅਤੇ ਸੂਰ ਪਾਲਣ ਦੇ ਅਰਥ ਸ਼ਾਸਤਰ ਬਾਰੇ ਗਿਆਨ ਪ੍ਰਾਪਤ ਕੀਤਾ।
ਸਿੱਖਿਆਰਥੀਆਂ ਨੂੰ ਵਿਗਿਆਨਕ ਪ੍ਰਬੰਧਨ ਅਭਿਆਸਾਂ ਸੰਭਾਲ, ਤਾਪਮਾਨ ਦੀ ਰਿਕਾਰਡਿੰਗ, ਰਿਕਾਰਡ ਰੱਖਣ ਅਤੇ ਦੰਦ ਕੱਟਣ ਬਾਰੇ ਵਿਹਾਰਕ ਗਿਆਨ ਦਿੱਤਾ ਗਿਆ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਸੂਰ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਸਮਾਪਨ ਸਮਾਰੋਹ ਵਿਚ ਡਾ. ਸਤਿਆਵਾਨ ਰਾਮਪਾਲ ਨਿਰਦੇਸ਼ਕ, ਵਿਦਿਆਰਥੀ ਭਲਾਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ।
ਸਿੱਖਿਆਰਥੀਆਂ ਨੂੰ ਪੁਸਤਕ ‘ਵਿਗਿਆਨਕ ਸੂਰ ਪਾਲਣ’ ‘ਤੇ ਯੂਨੀਵਰਸਿਟੀ ਦਾ ਹੋਰ ਸਾਹਿਤ ਵੀ ਦਿੱਤਾ ਗਿਆ। ਕਿਸਾਨਾਂ ਨੂੰ 25 ਕਿਲੋ ਸਟਾਰਟਰ ਫੀਡ ਅਤੇ ਯੂਨੀਵਰਸਿਟੀ ਦੇ ਖਣਿਜ ਮਿਸ਼ਰਣ ਦੇ ਨਾਲ-ਨਾਲ ਯੂਨੀਵਰਸਿਟੀ ਦੇ ਰਸਾਲੇ ਵਿਗਿਆਨਿਕ ਪਸ਼ੂ ਪਾਲਣ ਦੀ ਦੋ ਸਾਲਾ ਮੈਂਬਰਸ਼ਿਪ ਵੀ ਦਿੱਤੀ ਗਈ।