ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਸਰਦ ਰੁੱਤ ਦੀਆਂ ਖੁੰਬਾਂ ਉਗਾਉਣ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਗਿਆ| ਇਸ ਕੋਰਸ ਵਿਚ 32 ਸਿਖਿਆਰਥੀਆਂ ਨੇ ਭਾਗ ਲਿਆ| ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਖੁੰਬਾਂ ਉਗਾਉਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਿਖਲਾਈ ਦਿੱਤੀ ਗਈ|

ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਖੁੰਬਾਂ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਚੰਗੇ ਪੈਸੇ ਕਮਾ ਸਕਦੇ ਹਾਂ |

ਇਸ ਕੋਰਸ ਦੇ ਕੋ-ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਖੇਤੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਸ਼ੁਰੂ ਕਰਨ ਬਾਰੇ ਉਤਸ਼ਾਹਿਤ ਕੀਤਾ| ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਸ਼ਿਵਾਨੀ ਸ਼ਰਮਾ ਅਤੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪਰਾਲੀ ਵਾਲੀਆਂ ਖੁੰਬਾਂ, ਮਿਲਕੀ ਖੁੰਬਾਂ, ਢੀਂਗਰੀ ਅਤੇ ਸ਼ਿਟਾਕੀ ਉਗਾਉਣ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ|