ਲੁਧਿਆਣਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ (18 ਫਰਵਰੀ, 2022) ਸ਼ਾਮ 6 ਵਜੇ ਤੋਂ ਹਰ ਤਰ੍ਹਾਂ ਦੇ ਚੋਣ ਪ੍ਰਚਾਰ ‘ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੱਲੋਂ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਨੂੰ ਛੱਡ ਕੇ ਜ਼ਿਲ੍ਹੇ ਦੇ ਕਿਸੇ ਵੀ ਹਲਕੇ ਵਿੱਚ ਬਾਹਰੀ ਵਿਅਕਤੀਆਂ ਦੇ ਆਉਣ ‘ਤੇ ਪੂਰਨ ਪਾਬੰਦੀ ਹੈ ਅਤੇ ਭਲਕੇ ਸ਼ਾਮ 6 ਵਜੇ ਤੋਂ ਪਹਿਲਾਂ ਸਾਰੇ ਵਿਅਕਤੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਵਾਪਸ ਚਲੇ ਜਾਣ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਯਾਤਰਾ ਯੋਜਨਾ ਇਸ ਤਰ੍ਹਾਂ ਤਿਆਰ ਕਰਨ ਕਿ ਉਹ ਭਲਕੇ ਸ਼ਾਮ 6 ਵਜੇ ਤੋਂ ਪਹਿਲਾਂ ਦੂਜੇ ਹਲਕਿਆਂ ਨੂੰ ਛੱਡ ਦੇਣ ਅਤੇ ਇਸ ਸਬੰਧੀ ਕੋਈ ਵੀ ਬਹਾਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ, ਰਿਟਰਨਿੰਗ ਅਫ਼ਸਰਾਂ ਅਤੇ ਫਲਾਇੰਗ ਸਕੁਐਡ ਵੱਲੋਂ ਸਾਂਝੇ ਤੌਰ ‘ਤੇ ਸਾਰੇ ਹੋਟਲਾਂ/ਲੌਜ/ਗੈਸਟ ਹਾਊਸ/ਮੈਰਿਜ ਪੈਲੇਸਾਂ/ਰੈਸਟੋਰੈਂਟਾਂ ਆਦਿ ਦੀ ਮੁਕੰਮਲ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ ਕੋਈ ਬਾਹਰੀ ਵਿਅਕਤੀ ਨਾ ਠਹਿਰਿਆ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਮਹਿਮਾਨਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਜੇਕਰ ਸਬੰਧਤ ਹਲਕੇ ਦੇ ਵਸਨੀਕ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਸਿਆਸੀ ਵਰਕਰਾਂ, ਪਾਰਟੀ ਵਰਕਰਾਂ, ਜਲੂਸ ਕੱਢਣ ਵਾਲੇ ਕਾਰਕੁਨਾਂ ਅਤੇ ਚੋਣ ਪ੍ਰਚਾਰ ਕਰਨ ਵਾਲਿਆਂ ਦੀ ਮੌਜੂਦਗੀ ਨੂੰ ਸੀਮਤ ਕਰਨਾ ਹੈ, ਜਿਨ੍ਹਾਂ ਨੂੰ ਚੋਣ ਪ੍ਰਚਾਰ ਲਈ ਵਿਧਾਨ ਸਭਾ ਹਲਕੇ ਤੋਂ ਬਾਹਰੋਂ ਲਿਆਂਦਾ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਸਾਰੇ ਵਰਕਰ, ਜੋ ਕਿ ਵੋਟਰ ਨਹੀਂ ਹਨ, ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਵਿਧਾਨ ਸਭਾ ਹਲਕਾ ਛੱਡਣ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪਹਿਲਾਂ ਹੀ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ 20 ਫਰਵਰੀ 2022 ਤੱਕ ਵੋਟਾਂ ਦੀ ਸਮਾਪਤੀ ਤੱਕ ਜ਼ਿਲ੍ਹੇ ਵਿੱਚ ਡਰਾਈ ਡੇਅ ਐਲਾਨਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਮੈਰਿਜ ਪੈਲੇਸ ਅਤੇ ਹੋਰ ਥਾਵਾਂ ‘ਤੇ ਸ਼ਰਾਬ ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਨਹੀਂ ਕਰ ਸਕਦਾ।