ਲੁਧਿਆਣਾ : ਕਿਸਾਨਾਂ ਤੇ ਸਰਕਾਰ ਦਰਮਿਆਨ ਤਿੰਨ ਖੇਤੀ ਕਾਨੂੰਨਾਂ ਸਮੇਤ ਬਾਕੀ ਦੇ ਮੁੱਦਿਆਂ ’ਤੇ ਸਹਿਮਤੀ ਮਗਰੋਂ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਦੇ ਬੰਦ ਕੀਤੇ ਟੋਲ ਪਲਾਜ਼ੇ 15 ਦਿਸੰਬਰ ਤੋਂ ਬਾਅਦ ਕਿਸੇ ਵੀ ਸਮੇਂ ਖੁੱਲ੍ਹ ਸਕਦੇ ਹਨ। ਨਵੰਬਰ 2020 ਦੇ ਪਹਿਲੇ ਹਫ਼ਤੇ ਤੋਂ ਕਿਸਾਨਾਂ ਨੇ ਇਕ ਇਕ ਕਰ ਕੇ ਲਗਭਗ ਸਾਰੇ ਟੋਲ ਪਲਾਜ਼ੇ ਬੰਦ ਕਰ ਕੇ ਇਨ੍ਹਾਂ ’ਤੇ ਪੱਕੇ ਧਰਨੇ ਲਾ ਲਏ ਸੀ। ਲੰਗਰ ਅਤੇ ਰੈਣ ਬਸੇਰਾ ਦੇ ਸਾਰੇ ਪ੍ਰਬੰਧ ਕਰ ਲੈ ਗਏ ਸੀ।
ਕਿਸਾਨਾਂ ਮੁਤਾਬਕ ਟੋਲ ਪਲਾਜ਼ਿਆਂ ’ਤੇ ਧਰਨੇ ਸ਼ੁਰੂ ਹੋਣ ਦੇ ਨਾਲ ਹੀ ਪਿੰਡਾਂ ਵਿਚ ਨਵੀਂ ਰਵਾਇਤ ਸ਼ੁਰੂ ਹੋ ਗਈ। ਉਹ ਇਹ ਕਿ ਜਿਸ ਕਿਸਾਨ ਦੇ ਘਰ ਵਿਆਹ ਸ਼ਾਦੀ ਹੁੰਦੀ ਉਸ ਘਰ ਵਿੱਚੋਂ ਬਾਕਾਇਦਾ, ਟੋਲ ’ਤੇ ਧਰਨਾ ਦੇਣ ਵਾਲਿਆਂ ਲਈ ਰੋਟੀ ਪਹੁੰਚਦੀ ਰਹੀ। ਉਂਝ ਵੀ ਆਲੇ-ਦੁਆਲੇ ਦੇ ਲੋਕਾਂ ਨੇ ਇਨ੍ਹਾਂ ਪਲਾਜ਼ਿਆਂ ’ਤੇ ਸ਼ਾਇਦ ਹੀ ਖਾਣ ਵਾਲੀ ਕੋਈ ਅਜਿਹੀ ਵਸਤ ਹੋਵੇ, ਜੋ ਨਾ ਵਰਤਾਈ ਹੋਵੇ।
ਪੰਜਾਬ ਵਿਚ ਕੁਲ 25 ਟੋਲ ਪਲਾਜ਼ੇ ਹਨ। ਨੈਸ਼ਨਲ ਹਾਈਵੇ ਅਥਾਰਟੀ ਦੇ ਚੰਡੀਗੜ੍ਹ ਰਿਜਨ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਛੇ ਦਿਨਾਂ ਵਿਚ ਹੀ ਟੋਲ ਫ੍ਰੀ ਹੋ ਜਾਣ ਕਾਰਨ ਸਰਕਾਰ ਨੂੰ 4 ਕਰੋੜ ਰੁਪਏ ਦਾ ਘਾਟਾ ਪਿਆ। ਸੰਸਦ ਵਿਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੋਲ ਫ੍ਰੀ ਹੋ ਜਾਣ ਕਾਰਨ 16 ਮਾਰਚ ਤਕ ਪੰਜਾਬ ਵਿਚ 487 ਕਰੋੜ ਰੁਪਏ ਤੇ ਹਰਿਆਣੇ ਵਿੱਚੋਂ 326 ਕਰੋੜ ਦਾ ਘਾਟਾ ਪਿਆ ਹੈ।
ਦਿੱਲੀ ਨੂੰ ਜਾਂਦੇ ਹੋਏ ਨੈਸ਼ਨਲ ਹਾਈਵੇ ਤੇ ਪੰਜਾਬ ਤੇ ਹਰਿਆਣਾ ਦੇ 6 ਤੋਂ 8 ਟੋਲ ਲਗਭਗ ਬੰਦ ਹਨ। ਇਨ੍ਹਾਂ ਤੋਂ ਹਰ ਰੋਜ਼ ਸਰਕਾਰ ਨੂੰ 5 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਨੈਸ਼ਨਲ ਹਾਈਵੇ ’ਤੇ ਹੀ 2000 ਕਰੋੜ ਤੋਂ ਉੱਤੇ ਦਾ ਨੁਕਸਾਨ ਹੋਇਆ। ਜਦਕਿ ਸਟੇਟ ਹਾਈਵੇ ਤੇ ਹੋਇਆ ਨੁਕਸਾਨ ਵੱਖਰਾ ਹੈ ਜੋ ਮਿਲੀ ਜਾਣਕਾਰੀ ਮੁਤਾਬਕ 800 ਤੋਂ 850 ਕਰੋੜ ਦੇ ਕਰੀਬ ਹੋ ਸਕਦਾ ਹੈ।