Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਸਤੰਬਰ, 2023)

Published

on

Today's hukamnama from Sri Darbar Sahib (September 12, 2023)

ਧਨਾਸਰੀ ਮਹਲਾ ੫॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮੑਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮੑ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮੑਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮੑ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਧਨਾਸਰੀ ਮਹਲਾ ੫॥
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ । ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ।੧। ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ । ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ।੧।ਰਹਾਉ। ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ।੨। ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ । ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕੋ੍ਰੜਾਂ ਸੁਖ ਆਨੰਦ ਮਾਣ ਲਏ ਹਨ ।੩। ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ । ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ।੪।੧੦।

Facebook Comments

Trending