ਦੇਵਗੰਧਾਰੀ ਮਹਲਾ ੫ ॥
ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥ ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
ਸ਼ਨਿਚਰਵਾਰ, ੧੩ ਫੱਗਣ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੩੧)
ਦੇਵਗੰਧਾਰੀ ਮਹਲਾ ੫ ॥
ਹੇ ਭਾਈ! ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ । (ਧਰਮ, ਅਰਥ, ਕਾਮ, ਮੋਖ) ਇਹ ਚਾਰੇ ਪਦਾਰਥ, ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ—ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ।੧।ਰਹਾਉ। ਹੇ ਭਾਈ! ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ । ਭਾਈ! ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ । (ਇਸ ਤਰ੍ਹਾਂ ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ । ਮਾਲਕ-ਪ੍ਰਭੂ ਦੀ ਸਰਨ ਹੀ ਮੰਗਣੀ ਚਾਹੀਦੀ ਹੈ ।੧। ਹੇ ਭਾਈ! ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ । ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ।੨।੧੭।