Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਫਰਵਰੀ, 2023)

Published

on

Today's Hukamanama from Sri Darbar Sahib (February 9, 2023)

ਸਲੋਕੁ ਮਃ 1 ॥
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥ ਮ: 1 ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥2॥ ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥17॥
ਵੀਰਵਾਰ, 27 ਮਾਘ (ਸੰਮਤ 554 ਨਾਨਕਸ਼ਾਹੀ) (ਅੰਗ: 472)
ਸਲੋਕੁ ਮਃ 1 ॥
ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ । ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ । ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।1।ਜਿਵੇਂ ਇਸਤਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ), ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ । ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ । ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ।2।ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ, ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ, ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ । ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ, ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ।17।

Facebook Comments

Trending