ਤੁਹਾਨੂੰ ਦੱਸ ਦੀਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਨਵੰਬਰ ਤੋਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲੋਂ ਪਿੜਾਈ ਸ਼ੁਰੂ ਕਰਨ ਦਾ ਭਰੋਸਾ ਦਵਾਇਆ ਸੀ ਪਰ ਇਸ ਵਿਚਕਾਰ ਖੰਡ ਮਿੱਲਾਂ ਨੇ 360 ਰੁਪਏ ਪ੍ਰਤੀ ਕੁਇੰਟਲ ‘ਤੇ ਗੰਨਾ ਬਾਂਡ ਕਰਨ ਅਤੇ ਪੀੜਨ ਤੋਂ ਅਸਮਰੱਥਾ ਪ੍ਰਗਟਾ ਦਿੱਤੀ ਹੈ। ਇਸ ਮਾਮਲੇ ‘ਤੇ ਪੰਜਾਬ ਦੀਆਂ ਖੰਡ ਮਿੱਲਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ।
ਜਿਸ ਵਿੱਚ ਕਿਹਾ ਗਿਆ ਹੈ ਕਿ, “ਪੰਜਾਬ ਦੀਆਂ ਨਿੱਜੀ ਖੰਡ ਮਿੱਲਾਂ ਵਲੋਂ ਸੂਬੇ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਜ ਸਰਕਾਰ ਵਲੋਂ ਗੰਨੇ ਦਾ ਮੁੱਲ 360/-ਰੁਪਏ ਪ੍ਰਤੀ ਕੁਇੰਟਲ ਮਿਥਣ ਮੌਕੇ ਹਰਿਆਣਾ ਮਾਡਲ ਲਾਗੂ ਕਰਨ ਅਰਥਾਤ ਭਾਰਤ ਸਰਕਾਰ ਦੇ ਖ਼ਰੀਦ ਮੁੱਲ (ਐਫ਼. ਆਰ. ਪੀ.) ‘ਤੇ ਸੂਬੇ ਦੇ ਖ਼ਰੀਦ ਮੁੱਲ ਵਿਚਲਾ ਫਰਕ ਸਰਕਾਰ ਵਲੋਂ ਦਿੱਤੇ ਜਾਣ ਦੇ ਐਲਾਨ ਤੋਂ ਪਿੱਛੇ ਹੱਟਣ ਕਾਰਨ ਰਾਜ ਦੀਆਂ ਨਿੱਜੀ ਖੰਡ ਮਿੱਲਾਂ ਕਿਸਾਨਾਂ ਦਾ ਗੰਨਾ ਬਾਂਡ ਕਰਨ ਤੇ ਮਿੱਲਾਂ ਚਲਾਉਣ ਵਿੱਚ ਅਸਮਰੱਥ ਹਨ।
ਉੱਥੇ ਹੀ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ, ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਗੰਨੇ ਦਾ ਭਾਅ 360/-ਰੁਪਏ ਕੁਇੰਟਲ ਮਿਥਣ ਵਾਲੀ ਮੀਟਿੰਗ ਦੌਰਾਨ ਹਾਲਾਂਕਿ ਹਰਿਆਣਾ ਮਾਡਲ ਲਾਗੂ ਕਰਨ ਦੀ ਸਹਿਮਤੀ ਸੰਬੰਧੀ ਬਾਕਾਇਦਾ ਸਪੱਸ਼ਟ ਐਲਾਨ ਕੀਤਾ ਗਿਆ ਸੀ। ਲੇਕਿਨ ਸਰਕਾਰ ਹੁਣ ਇਸ ਤੋਂ ਪਿੱਛੇ ਹੱਟ ਗਈ ਹੈ। ਨਿੱਜੀ ਖੰਡ ਮਿੱਲਾਂ ਜੋ ਕਿ ਪਿਛਲੇ ਸਾਲ ਦੇ 310/-ਰੁਪਏ ਕੁਇੰਟਲ ਦੀ ਖ਼ਰੀਦ ਮੁੱਲ ਅਨੁਸਾਰ ਵੀ ਕਿਸਾਨਾਂ ਨੂੰ ਅਦਾਇਗੀ ਨਹੀਂ ਕਰ ਪਾ ਰਹੀਆਂ ਹਨ ਅਤੇ ਕਈ ਮਿੱਲਾਂ ਵੱਲ ਕਿਸਾਨਾਂ ਦੇ ਬਕਾਏ ਅਜੇ ਵੀ ਖੜੇ ਹਨ। ਪਰ 360/-ਰੁਪਏ ਕੁਇੰਟਲ ਦੇ ਭਾਅ ਅਨੁਸਾਰ ਮਿੱਲਾਂ ਲਈ ਕਿਸਾਨਾਂ ਦੀ ਅਦਾਇਗੀ ਬਿਲਕੁਲ ਵੀ ਸੰਭਵ ਨਹੀਂ ਹੋਵੇਗੀ।
ਇਸ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ, ਪੰਜਾਬ ਦੀਆਂ ਨਿੱਜੀ ਖੰਡ ਮਿੱਲਾਂ ਇਹ ਸਪੱਸ਼ਟ ਕਰਨਾ ਚਾਹੁੰਦੀਆਂ ਹਨ ਕਿ ਹਰਿਆਣਾ ਦੀ ਤਰਾਂ ਗੰਨੇ ਦਾ ਭਾਅ 360/- ਰੁਪਏ ਪ੍ਰਤੀ ਕੁਇੰਟਲ ਦੇਣ ਲਈ ਪੰਜਾਬ ਵਿੱਚ ਸਰਕਾਰ ਵੱਲੋਂ ਹਰਿਆਣਾ ਸਰਕਾਰ ਦਾ ਫਾਰਮੂਲਾ ਵੀ ਲਾਗੂ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਨਿੱਜੀ ਖੰਡ ਮਿੱਲਾਂ ਗੰਨੇ ਦੇ ਭਾਅ ਦੀ ਅਦਾਇਗੀ ਕਿਸਾਨਾਂ ਨੂੰ ਕਰਨ ਲਈ ਅਸਮਰੱਥ ਹੋਣਗੀਆਂ। ਇਹ ਬਿਆਨ ਪ੍ਰਾਈਵੇਟ ਸੂਗਰ ਮਿੱਲ ਐਸੋਸੀਏਸ਼ਨ, ਪੰਜਾਬ ਦੇ ਵੱਲੋ ਜਾਰੀ ਕੀਤਾ ਗਿਆ ਹੈ।