ਚੰਡੀਗੜ੍ਹ : ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਨੇਸ਼ ਫੋਗਾਟ ਦੀ ਖੇਡ ਦੀ ਸ਼ਲਾਘਾ ਕੀਤੀ ਹੈ।ਜਦੋਂ ਕਿ ਪੰਜਾਬ ਦੇ ਐਲ.ਪੀ.ਯੂ. ਯੂਨੀਵਰਸਿਟੀ ਨੇ ਵਿਨੇਸ਼ ਫੋਗਾਟ ਲਈ ਵੀ ਵੱਡਾ ਐਲਾਨ ਕੀਤਾ ਹੈ। ਦਰਅਸਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੀ ਵਿਦਿਆਰਥਣ ਵਿਨੇਸ਼ ਫੋਗਾਟ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਆਪਣੇ ਵਿਦਿਆਰਥੀ-ਐਥਲੀਟਾਂ ਦਾ ਸਮਰਥਨ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਵਿਨੇਸ਼ ਫੋਗਾਟ ਤੱਕ ਸੀਮਤ ਨਹੀਂ ਹੈ। ਐਲ.ਪੀ.ਯੂ. ਨੇ ਪੈਰਿਸ ਓਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਲਈ ਇੱਕ ਨਕਦ ਪੁਰਸਕਾਰ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਹੈ।
ਦੱਸ ਦਈਏ ਕਿ ਵਿਨੇਸ਼ ਫੋਗਾਟ ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ‘ਚ ਹਿੱਸਾ ਲੈ ਰਹੀ ਸੀ ਪਰ ਬੁੱਧਵਾਰ ਸਵੇਰੇ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਵਜ਼ਨ ਮਨਜ਼ੂਰ ਵਜ਼ਨ ਤੋਂ ਕੁਝ ਗ੍ਰਾਮ ਜ਼ਿਆਦਾ ਪਾਇਆ ਗਿਆ। ਭਾਰਤੀ ਟੀਮ ਨੇ ਵਿਨੇਸ਼ ਦਾ ਭਾਰ 50 ਕਿਲੋਗ੍ਰਾਮ ਤੱਕ ਲਿਆਉਣ ਲਈ ਕੁਝ ਸਮਾਂ ਮੰਗਿਆ ਪਰ ਆਖਿਰਕਾਰ ਵਿਨੇਸ਼ ਫੋਗਾਟ ਨੂੰ ਨਿਰਧਾਰਿਤ ਵਜ਼ਨ ਤੋਂ ਥੋੜ੍ਹਾ ਵੱਧ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਪਰ ਉਸ ਨੂੰ ਮੈਚ ਤੋਂ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤਾ ਗਿਆ। ਪਹਿਲੀ ਵਾਰ ਕਿਸੇ ਭਾਰਤੀ ਪਹਿਲਵਾਨ ਨੇ ਓਲੰਪਿਕ ਫਾਈਨਲ ਵਿੱਚ ਥਾਂ ਬਣਾਈ ਹੈ। ਇਸ ਮੈਚ ‘ਤੇ ਪੂਰੀ ਦੁਨੀਆ ਦੀ ਨਜ਼ਰ ਸੀ ਪਰ ਮੈਚ ਤੋਂ ਪਹਿਲਾਂ ਹੀ ਇਹ ਬੁਰੀ ਖਬਰ ਸਾਹਮਣੇ ਆਈ ਕਿ ਵਿਨੇਸ਼ ਨੂੰ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਭਾਰਤੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਉਹ ਸੋਨ ਤਮਗਾ ਜਿੱਤੇਗੀ। ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਦੇ ਸੈਮੀਫਾਈਨਲ ‘ਚ ਕਿਊਬਾ ਦੀ ਪਹਿਲਵਾਨ ਯੂਸਨੀਲਿਸ ਗੁਜ਼ਮੈਨ ਨੂੰ 5-0 ਨਾਲ ਹਰਾਇਆ ਸੀ। ਵਿਨੇਸ਼ ਨੇ ਬੁੱਧਵਾਰ (7 ਅਗਸਤ) ਨੂੰ ਫਾਈਨਲ ਵਿੱਚ ਅਮਰੀਕਾ ਦੀ ਐਨ ਸਾਰਾਹ ਹਿਲਡੇਬ੍ਰਾਂਟ ਦਾ ਸਾਹਮਣਾ ਕਰਨਾ ਸੀ। ਇਸ ਤੋਂ ਪਹਿਲਾਂ ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਓਲੰਪਿਕ ਚੈਂਪੀਅਨ ਅਤੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ 50 ਕਿਲੋ ਵਿੱਚ ਹਰਾਇਆ ਸੀ।