ਮੁੱਲਾਂਪੁਰ ਦਾਖਾ : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਅੱਜ ਸਵੇਰੇ ਪਿੰਡ ਕਰੀਮਪੁਰਾ ‘ਚ 7 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰੀਮਪੁਰਾ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਆਵਾਰਾ ਕੁੱਤਿਆਂ ਨੇ ਕਿਸਾਨ ਰਣਧੀਰ ਸਿੰਘ ਦੇ ਇਕਲੌਤੇ ਪੁੱਤਰ ਹਰਸੁਖਪ੍ਰੀਤ ਸਿੰਘ ਨੂੰ ਘਰ ਦੇ ਵਿਹੜੇ ਵਿੱਚ ਘਸੀਟ ਲਿਆ ਅਤੇ ਬੁਰੀ ਤਰ੍ਹਾਂ ਨੋਚ-ਨੋਚਦੇ ਰਹੇ।
ਇਸ ਦੌਰਾਨ ਹਰਸੁਖਪ੍ਰੀਤ ਸਿੰਘ ਦਾ ਪਿਤਾ ਆਪਣੇ ਬੱਚੇ ਨੂੰ ਕੁੱਤਿਆਂ ਤੋਂ ਬਚਾਉਂਦਾ ਰਿਹਾ ਪਰ ਆਦਮਖੋਰ ਕੁੱਤੇ ਉਸ ਨੂੰ ਉਦੋਂ ਤੱਕ ਕੱਟਦੇ ਰਹੇ ਜਦੋਂ ਤੱਕ ਉਸ ਦੀ ਜਾਨ ਨਹੀਂ ਗਈ। ਪਿੰਡ ਕਰੀਮਪੁਰਾ, ਭਨੋਹੜ, ਹਸਨਪੁਰ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਮੁੱਲਾਂਪੁਰ-ਜਗਰਾਉਂ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਡੀਐਸਪੀ ਵਰਿੰਦਰ ਸਿੰਘ ਖੋਸਾ, ਥਾਣਾ ਦਾਖਾ ਦੇ ਮੁੱਖ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਈ।