ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅੰਤਰ ਕਾਲਜ ਯੁਵਕ ਮੇਲੇ ਦਾ ਤੀਜਾ ਦਿਨ ਪੰਜਾਬੀ ਸਭਿਆਚਾਰ ਦੀਆਂ ਪ੍ਰੰਪਰਕ ਕਲਾ ਕ੍ਰਿਤਾਂ ਨੂੰ ਸਮਰਪਿਤ ਰਿਹਾ। ਇੰਨੂ ਬਨਾਉਣ, ਨਾਲੇ ਬੁਨਣ ਅਤੇ ਮਹਿੰਦੀ ਲਗਾਉਣ ਦੇ ਮਕਾਬਲਿਆਂ ਨਾਲ ਹੋਇਆ ਜਿਨ੍ਹਾਂ ਵਿਚ ਵੱਡੀ ਗਿੱਣਤੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਯੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚਕਾਚੌਂਧ ਭਰੀ ਦੁਨੀਆਂ ਵਿਚ ਪੰਜਾਬੀ ਸਭਿਆਚਾਰ ਦੀਆਂ ਪ੍ਰੰਪਰਕ ਕਲਾਕ੍ਰਿਤਾਂ ਪ੍ਰਤੀ ਵਿਦਿਆਰਥੀਆਂ ਦੀ ਵਿਸ਼ੇਸ਼ ਰੁਚੀ ਤੇ ਖੁਸ਼ੀ ਪ੍ਰਗਟ ਕੀਤੀ। ਛਿੱਕੂ ਬਨਾਉਣ, ਮਿੱਟੀ ਦੇ ਖਿਡੌਣੇ ਬਨਾਉਣ, ਪੀੜੀ ਬੁਨਣ ਅਤੇ ਸਪਾਟ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਡਾ. ਐਮ.ਆਈ.ਐੱਸ. ਗਿੱਲ, ਡੀਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਯੁਵਕ ਮੇਲੇ ਵਿਚ ਹੋਏ ਬਹਿਸ ਮੁਕਾਬਲਿਆਂ ਵਿਚੋਂ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਗੁਰਕੰਵਲ ਅਤੇ ਨਵਨੂਰ ਨੇ ਪਹਿਲਾ, ਖੇਤੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਨਿਹਾਲ ਅਤੇ ਤਨੁਜ ਨੇ ਦੂਜਾ ਸਥਾਨ ਅਤੇ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਉਸਮਾਨ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਚੋਂ ਨਿਹਾਲ ਨੇ ਵਿਸ਼ੇ ਵਿਚਲੇ ਮੁੱਦੇ ਦੇ ਹੱਕ ਵਿਚ ਵਿਚਾਰ ਪੇਸ਼ ਕਰਕੇ ਸਰਵੋਤਮ ਬੁਲਾਰੇ ਦਾ ਸਥਾਨ ਹਾਸਲ ਕੀਤਾ।
ਗੁਰਕੰਵਲ ਨੇ ਵਿਰੋਧੀ ਵਿਚਾਰਾਂ ਦੀ ਪੇਸ਼ਕਾਰੀ ਨਾਲ ਸਰਵੋਤਮ ਬੁਲਾਰੇ ਦਾ ਸਥਾਨ ਹਾਸਲ ਕੀਤਾ। ਰਚਨਾਤਮਕ ਲੇਖਣੀ ਦੇ ਮੁਕਾਬਲਿਆਂ ਵਿਚੋਂ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਨਵਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁਇਜ਼ ਮਕਾਬਲਿਆਂ ਵਿਚੋਂ ਖੇਤੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਰਟੂਨ ਬਨਾਉਣ ਦੇ ਮੁਕਾਬਲਿਆਂ ਵਿਚੋਂ ਕਮਿਉਨਟੀ ਸਾਇੰਸ ਕਾਲਜ ਦੀ ਗੁਰਲੀਨ ਨੇ ਪਹਿਲਾ ਸਥਾਨ ਹਾਸਲ ਕੀਤਾ।
ਕੋਲਾਜ ਬਨਾਉਣ ਦੇ ਮੁਕਾਬਲਿਆਂ ਵਿਚੋਂ ਕਮਿਉਨਟੀ ਸਾਇੰਸ ਕਾਲਜ ਦੀ ਅਨਾਮਿਕਾ ਨੇ ਪਹਿਲਾ, ਰੰਗੋਲੀ ਬਨਾਉਣ ਦੇ ਮੁਕਾਬਲਿਆਂ ਵਿਚੋਂ ਖੇਤੀਬਾੜੀ ਕਾਲਜ ਦੀ ਜੈਸਿਕਾ ਨੇ ਪਹਿਲਾ, ਫੋਟੋਗ੍ਰਾਫੀ ਮੁਕਾਬਲਿਆਂ ਵਿਚੋਂ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਕੁਲਬੀਰ ਨੇ ਪਹਿਲਾ, ਖੇਤੀ ਇੰਜੀਨਿਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਗਗਨਦੀਪ ਸਿੰਘ ਗਿੱਲ ਨੇ ਦੂਜਾ ਅਤੇ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਕਿਸ਼ੀਤਿਜ ਰਾਜ ਅਰੋੜਾ ਨੇ ਤੀਜਾ ਸਥਾਨ ਹਾਸਲ ਕੀਤਾ।