ਲੁਧਿਆਣਾ : ਸਥਾਨਕ ਆਤਮ ਆਤਮ ਨਗਰ ਮਾਡਲ ਟਾਊਨ ਦੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਦੋ ਨੌਸਰਬਾਜ਼ ਔਰਤਾਂ ਨੇ ਘਰ ਵਿੱਚ ਪਏ ਹੀਰੇ ਅਤੇ ਸੋਨੇ ਦੇ ਮਹਿੰਗੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਉਕਤ ਮਾਮਲੇ ਵਿਚ ਥਾਣਾ ਮਾਡਲ ਟਾਊਨ ਪੁਲਿਸ ਨੇ ਆਤਮ ਨਗਰ ਦੇ ਰਹਿਣ ਵਾਲੇ ਘਰ ਦੇ ਮਾਲਕ ਪਿਯੂਸ਼ ਚੋਪੜਾ ਦੇ ਬਿਆਨ ਉਪਰ ਅਣਪਛਾਤੀਆਂ ਨੌਸਰਬਾਜ਼ ਔਰਤਾਂ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਆਤਮ ਨਗਰ ਮਾਡਲ ਟਾਊਨ ਰਹਿਣ ਵਾਲੇ ਘਰ ਦੇ ਮਾਲਿਕ ਪਿਯੂਸ਼ ਚੋਪੜਾ ਮੁਤਾਬਕ 22 ਮਾਰਚ ਨੂੰ ਉਨ੍ਹਾਂ ਦੇ ਘਰ ਦੋ ਅਣਪਛਾਤੀਆਂ ਔਰਤਾਂ ਆਈਆਂ ਜਿਨ੍ਹਾਂ ਨੇ ਮੁਦਈ ਦੀ ਭੈਣ ਅਤੇ ਮਾਂ ਨੂੰ ਘਰੇਲੂ ਕੰਮ ਲਈ ਰੋਜ਼ਗਾਰ ਦੇਣ ਲਈ ਕਿਹਾ। ਦੋ ਦਿਨ ਬਾਅਦ ਉਕਤ ਦੋਨੋਂ ਔਰਤਾਂ ਉਨ੍ਹਾਂ ਦੇ ਘਰ ਕੰਮ ਕਰਨ ਲਈ ਆਈਆਂ ਅਤੇ ਮੌਕਾ ਵੇਖ ਕੇ ਘਰ ਵਿੱਚੋਂ ਇਕ ਡਾਇਮੰਡ ਸੈੱਟ, ਇਕ ਡਾਇਮੰਡ ਈਅਰ ਰਿੰਗ, ਦੋ ਡਾਇਮੰਡ ਕੜੇ, ਇਕ ਸਾਲੀਟਾਇਰ ਮੁੰਦਰੀ, ਸੋਨੇ ਦੀਆਂ ਚਾਰ ਚੂੜੀਆਂ ,ਦੋ ਜੋੜੇ ਜ਼ਨਾਨਾ ਕੜੇ, ਕੰਨਾਂ ਦੇ ਟੌਪਸਾਂ ਦੇ ਦੋ ਸੈੱਟ ਤਿੰਨ ਜ਼ਨਾਨਾ ਮੁੰਦਰੀਆਂ ਸਮੇਤ ਘਰ ਵਿਚ ਪਈ ਕਰੀਬ ਸਾਢੇ ਬਾਰਾਂ ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਈਆਂ।
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਰਾਜ ਮੁਤਾਬਕ ਵਾਰਦਾਤ ਵਾਲੀ ਕੋਠੀ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਇਕੱਠੇ ਕਰ ਕੇ ਨੌਸਰਬਾਜ਼ ਔਰਤਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।