ਲੁਧਿਆਣਾ : ਦੁੱਗਰੀ ਦੇ ਏਰੀਏ ‘ਚ ਕਈ ਥਾਂਈ ਪਈਆਂ ਬੇ-ਅਬਾਦ ਤੇ ਖਾਲੀ ਇਮਾਰਤਾਂ ਸ਼ਰਾਬ ਤੇ ਹੋਰ ਨਸ਼ਾ ਕਰਨ ਵਾਲੇ ਨਸ਼ੇੜੀਆਂ ਲਈ ਵਰਦਾਨ ਬਣ ਕੇ ਉਨ੍ਹਾਂ ਲਈ ਸੁਰੱਖਿਅਤ ਛੁੱਪਣਗਾਹਾਂ ਬਣ ਰਹੀਆਂ ਹਨ | ਜਿੱਥੇ ਉਹ ਕੋਈ ਵੀ ਅਪਰਾਧ ਕਰਨ ਤੋਂ ਬਾਅਦ ਅਸਾਨੀ ਨਾਲ ਛੁੱਪ ਸਕਦੇ ਹਨ |
ਇਨ੍ਹਾਂ ਬਿਲਡਿੰਗਾਂ ਦੇ ਨੇੜੇ ਪੈਂਦੀਆਂ ਮੀਟ ਮੁਰਗਾਂ ਜਾਂ ਫਾਸਟਫੂਡ ਵਾਲੀਆਂ ਖਾਣ ਪੀਣ ਵਾਲੇ ਸਮਾਨ ਦੀਆਂ ਦੁਕਾਨਾਂ ਤੋਂ ਸਮਾਨ ਆਦਿ ਲਿਆ ਕੇ ਗੱਡੀਆਂ ਵਿਚ ਦੇਰ ਰਾਤ ਤੱਕ ਸ਼ਰਾਬ ਜਾਂ ਹੋਰ ਨਸ਼ੇ ਦਾ ਸੇਵਨ ਕਰਨ ਵਾਲੇ ਮੁੰਡੇ ਕੁੜੀਆਂ ਸ਼ਰ੍ਹੇਆਮ ਨਸ਼ਾ ਕਰਨ ਤੋਂ ਬਾਅਦ ਫਾਲਤੂ ਸਮਾਨ ਸੜਕ ਉੱਪਰ ਹੀ ਸੁੱਟ ਕੇ ਰਫੂ ਚੱਕਰ ਹੋ ਜਾਂਦੇ ਹਨ | ਜਿਸ ਨਾਲ ਹਰ ਪਾਸੇ ਗੰਦਗੀ ਦੇ ਢੇਰ ਲੱਗ ਰਹੇ ਹਨ, ਜੋ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ |
ਇਸ ਪਾਸੇ ਹਲਕਾ ਵਿਧਾਇਕ, ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਜਿਸ ਦਾ ਖਾਮਿਆਜ਼ਾ ਸ਼ਾਮ ਸਮੇਂ ਸੈਰ ਕਰਨ ਜਾਣ ਵਾਲੇ ਉਨ੍ਹਾਂ ਬਜ਼ੁਰਗਾਂ ਜਾਂ ਨੌਜਵਾਨਾਂ ਨੂੰ ਭੁਗਤਨਾ ਪੈਂਦਾ ਹੈ ਅਤੇ ਉਹ ਅਜਿਹਿਆਂ ਥਾਵਾਂ ‘ਤੇ ਸੈਰ ਕਰਨ ਜਾਣ ਤੋਂ ਗੁਰੇਜ਼ ਕਰਦੇ ਹਨ | ਜਿਸ ਨਾਲ ਇਨ੍ਹਾਂ ਨਸ਼ੇੜੀ ਕਿਸਮ ਦੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਹਨ ਤੇ ਇਹ ਸ਼ਰ੍ਹੇਆਮ ਅਜਿਹਿਆਂ ਥਾਵਾਂ ਦਾ ਪ੍ਰਯੋਗ ਅਣ ਅਧਿਕਾਰਿਤ ਕੰਮਾਂ ਨੂੰ ਅੰਜਾਮ ਦੇਣ ਲਈ ਧੜੱਲੇ ਨਾਲ ਕਰਦੇ ਹਨ |