Connect with us

ਪੰਜਾਬ ਨਿਊਜ਼

ਤੀਜੀ ਵਾਰ ਹੜ੍ਹਾਂ ਦਾ ਖਤਰਾ! ਡੈਮਾਂ ‘ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਫਲੱਡ ਗੇਟ

Published

on

The threat of flooding for the third time! Increased water level in dams, flood gates can be opened

ਪੰਜਾਬ ਵਿੱਚ ਤੀਜੀ ਵਾਰ ਹੜ੍ਹਾਂ ਦੀ ਮਾਰ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਦਰਿਆਵਾਂ ਨੇੜਲੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਵੀ ਤਿਆਰੀਆਂ ਵਿੱਚ ਜੁੱਟ ਗਈਆਂ ਹਨ। ਦਰਅਸਲ ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਡੈਮਾਂ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ ਹੈ।

ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੇ ਤਿੰਨ-ਚਾਰ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਗੁਰਦਾਸਪੁਰ, ਮੋਗਾ, ਪਟਿਆਲਾ, ਰੋਪੜ ਤੇ ਤਰਨ ਤਾਰਨ ਵਿਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਮੁੜ ਵਧਣ ਲੱਗਾ ਹੈ। ਪਿਛਲੇ ਦਿਨਾਂ ਵਿਚ ਡੈਮਾਂ ਤੋਂ ਪਾਣੀ ਛੱਡ ਕੇ ਪਾਣੀ ਦਾ ਪੱਧਰ ਕਾਫ਼ੀ ਘਟਾਇਆ ਗਿਆ ਸੀ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਨਵੇਂ ਪਾਣੀ ਨੂੰ ਝੱਲਿਆ ਜਾ ਸਕੇ।

ਭਾਖੜਾ ਡੈਮ ਵਿੱਚ ਕਰੀਬ ਦੋ ਫੁੱਟ ਪਾਣੀ ਦਾ ਪੱਧਰ ਵਧ ਗਿਆ। ਬੁੱਧਵਾਰ ਨੂੰ ਪਾਣੀ ਦਾ ਪੱਧਰ 1674.18 ਫੁੱਟ ’ਤੇ ਪਹੁੰਚ ਗਿਆ ਸੀ। ਕੁਝ ਦਿਨ ਪਹਿਲਾਂ ਭਾਖੜਾ ਡੈਮ ਦਾ ਪਾਣੀ 1678.6 ਫੁੱਟ ਨੂੰ ਛੂਹ ਗਿਆ ਸੀ। ਭਾਖੜਾ ਡੈਮ ਵਿੱਚ ਬੁੱਧਵਾਰ ਨੂੰ ਪਹਾੜਾਂ ’ਚੋਂ 1.28 ਲੱਖ ਕਿਊਸਿਕ ਪਾਣੀ ਆਇਆ ਜਿਸ ਦੀ ਮਾਤਰਾ ਦੋ ਦਿਨ ਪਹਿਲਾਂ ਸਿਰਫ਼ 36 ਹਜ਼ਾਰ ਕਿਊਸਿਕ ਰਹਿ ਗਈ ਸੀ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1390.9 ਫੁੱਟ ’ਤੇ ਪਹੁੰਚ ਗਿਆ ਜੋ ਇੱਕ ਦਿਨ ਪਹਿਲਾਂ 1389.65 ਫੁੱਟ ਸੀ। ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਪਾਣੀ 67340 ਕਿਊਸਿਕ ਤੇ ਭਾਖੜਾ ਡੈਮ ਤੋਂ ਸਤਲੁਜ ਵਿੱਚ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

Facebook Comments

Trending