ਲੁਧਿਆਣਾ : ਕੇਂਦਰ ਸਰਕਾਰ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਲੋਂ ਫ਼ੋਕਲ ਪੁਆਇੰਟ ਫੇਸ-8 ਵਿਖੇ ਇਲੈਕਟ੍ਰੋਪਲੇਟਿੰਗ ਕਾਰਖ਼ਾਨਿਆਂ ਲਈ ਲਗਾਏ ਗਏ ਸੀ. ਈ. ਟੀ. ਪੀ. ਦਾ ਦੌਰਾ ਕੀਤਾ। ਇਸ ਦੌਰਾਨ ਸੀ. ਈ. ਟੀ. ਪੀ. ਚਲਾਉਣ ਵਾਲੀ ਕੰਪਨੀ ਜੇ. ਬੀ. ਆਰ. ਤਕਨਾਲੌਜੀ ਪ੍ਰਾਈਵੇਟ ਲਿਮਟਿਡ ਵਲੋਂ ਕੈਮੀਕਲ ਯੁਕਤ ਤੇ ਦੂਸ਼ਿਤ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਤਰੀਕਾ ਦੇਖ ਕੇ ਸੰਤੁਸ਼ਟੀ ਜ਼ਾਹਿਰ ਕੀਤੀ।
ਟੀਮ ‘ਚ ਜਲ ਬੋਰਡ ਦੇ ਆਨੰਦ ਮੋਹਨ, ਐਨ. ਆਰ. ਸੀ. ਦੇ ਸੰਜੇ ਸਿੰਘ, ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਜੇ. ਸੀ. ਬਾਬੂ ਨੂੰ ਸੀ. ਈ. ਟੀ. ਪੀ. ਪਲਾਂਟ ਦਾ ਨਿਰੀਖਣ ਕਰਨ ਸਮੇਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸੈਕਟਰੀ ਕਰੁਨੇਸ਼ ਗਰਗ ਦੱਸਿਆ ਕਿ ਇਹ ਪਲਾਂਟ ਪੰਜਾਬ ਦਾ ਸਭ ਤੋਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਲੈਕਟ੍ਰੋਪਲੇਟਿੰਗ ਕਾਰਖ਼ਾਨਿਆਂ ਲਈ ਲਗਾਇਆ ਗਿਆ ਹੈ।
ਪਲਾਂਟ ‘ਚ ਲੁਧਿਆਣਾ, ਜਲੰਧਰ, ਮੋਹਾਲੀ, ਅੰਮਿ੍ਤਸਰ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੇ ਇਲੈਕਟ੍ਰੋਪਲੇਟਿੰਗ ਕਾਰਖ਼ਾਨਿਆਂ ਦਾ ਕੈਮੀਕਲ ਯੁਕਤ ਪਾਣੀ ਆਉਂਦਾ ਹੈ, ਜਿਸ ਨੂੰ ਸੀ. ਈ. ਟੀ. ਪੀ. ਪਲਾਂਟ ‘ਚ ਜੇ. ਬੀ. ਆਰ. ਤਕਨਾਲੌਜੀ ਵਲੋਂ ਅਤਿਆਧੁਨਿਕ ਤਕਨੀਕ ਨਾਲ ਸੋਧ ਕੇ ਮੁੜ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ। ਜਰਨਲ ਮੈਨੇਜਰ ਪ੍ਰਦੀਪ ਕੁਮਾਰ ਨੇ ਟੀਮ ਦੇ ਸਾਹਮਣੇ ਸੋਧਿਆ ਪਾਣੀ ਪੀ ਕੇ ਦਿਖਾਉਂਦਿਆਂ ਦੱਸਿਆ ਕਿ ਕੈਮੀਕਲ ਯੁਕਤ ਤੇ ਦੂਸ਼ਿਤ ਪਾਣੀ ਨੂੰ ਅਤਿ ਆਧੁਨਿਕ ਤਰੀਕੇ ਨਾਲ ਸਾਫ਼ ਕੀਤਾ ਜਾਂਦਾ ਹੈ, ਜਿਸ ਨੂੰ ਮੁੜ ਪੀਣ ਯੋਗ ਬਣਾਇਆ ਜਾ ਰਿਹਾ ਹੈ।
ਕੇਂਦਰ ਸਰਕਾਰ ਦੀ ਟੀਮ ਨੇ ਕੈਮੀਕਲ ਯੁਕਤ ਪਾਣੀ ਦੇ ਆਉਣ ਤੋਂ ਸਾਫ਼ ਹੋਣ ਤੱਕ ਦੀ ਸਾਰੀ ਕਾਰਵਾਈ ਨੂੰ ਦੇਖਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਤਕਨੀਕ ਨਾਲ ਸੀ. ਈ. ਟੀ. ਪੀ. ਪਲਾਂਟ ਲਗਾਉਣ ਲਈ ਦੇਸ਼ ਦੇ ਹੋਰ ਸ਼ਹਿਰਾਂ ‘ਚ ਵੀ ਸਿਫ਼ਾਰਿਸ਼ ਕਰਨਗੇ। ਜੇ. ਬੀ. ਆਰ. ਤਕਨਾਲੌਜੀ ਦੇ ਸੀ. ਐਮ. ਡੀ. ਰਜਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ 5 ਲੱਖ ਲੀਟਰ ਪਾਣੀ ਨੂੰ ਸੋਧਿਆ ਜਾ ਰਿਹਾ ਹੈ ਤੇ ਸੀ. ਈ. ਟੀ. ਪੀ. ਪਲਾਂਟ ਦੀ ਸਮਰੱਥਾ 8 ਲੱਖ ਲੀਟਰ ਕਰਨ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੋਈ ਹੈ।