ਲੁਧਿਆਣਾ : ਪੰਜਾਬ ਵਿੱਚ ਖੇਤੀਬਾੜੀ ਲਈ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਨੂੰ ਮਾਣਤਾ ਦੇਣ ਵਾਲੀ ਰਾਜ ਪੱਧਰੀ ਕਮੇਟੀ ਨੇ ਪੰਜਾਬ ਐਗਰੀਕਲਚਰਲ ਯੂਨਵਰਸਿਟੀ ਵੱਲੋਂ ਵਿਕਸਿਤ ਕਣਕ ਦੀ ਕਿਸਮ ਪੀ.ਬੀ.ਡਬਲਯੂ 826 ਨੂੰ ਪੰਜਾਬ ਰਾਜ ਵਿੱਚ ਸਮੇਂ ਸਿਰ ਬਿਜਾਈ ਵਾਲੀਆਂ ਸਥਿਤੀਆਂ ਵਿੱਚ ਬਿਜਾਈ ਲਈ ਪ੍ਰਵਾਨਗੀ ਦਿੱਤੀ ਗਈ ਹੈ ।
ਪੰਜਾਬ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਇਸ ਕਿਸਮ ਦਾ ਔਸਤਨ ਝਾੜ 24.0 ਕੁਇੰਟਲ ਪ੍ਰਤੀ ਏਕੜ ਹੈ। ਜੇਕਰ ਇਸ ਨੂੰ ਸਮੇਂ ਸਿਰ ਬੀਜਿਆ ਜਾਵੇ ਅਤੇ ਸਹੀ ਦੇਖ ਰੇਖ ਕੀਤੀ ਜਾਵੇ ।
ਮੀਟਿੰਗ ਦੌਰਾਨ ਜਵੀਂ (ਓਟ) ਦੀ ਨਵੀਂ ਕਿਸਮ ਓ ਐੱਲ-16 ਨੂੰ ਵੀ ਪੰਜਾਬ ਵਿੱਚ ਕਾਸ਼ਤ ਲਈ ਪ੍ਰਵਾਨਗੀ ਦਿੱਤੀ ਗਈ ਜੋ ਕਿ ਪਸ਼ੂਆਂ ਦੇ ਚਾਰੇ ਲਈ ਬਹੁਤ ਵਧੀਆ ਹੈ ਅਤੇ ਇਸ ਤੋਂ ਇਲਾਵਾ ਦਾਣੇ ਅਤੇ ਆਟੇ ਲਈ ਵੀ ਚੰਗੀ ਕਿਸਮ ਹੈ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਨਵੀਆਂ ਕਿਸਮਾਂ ਨੂੰ ਮਾਣਤਾ ਮਿਲਣ ਤੇ ਸੰਬੰਧਤ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੀ.ਏ.ਯੂ. ਲੁਧਿਆਣਾ ਨੇ ਫ਼ਸਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਪੈਦਾ ਕੀਤੀਆਂ ਹਨ ਜਿਨ੍ਹਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਣਤਾ ਰਹੀ ਹੈ ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਣਕ ਸੁਧਾਰ ਖੋਜ ਟੀਮ ਅਤੇ ਚਾਰਾ ਸੁਧਾਰ ਟੀਮ ਨੂੰ ਇਨ੍ਹਾਂ ਕਿਸਮਾਂ ਨੂੰ ਵਿਕਸਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਣਕ ਦੀ ਇਹ ਕਿਸਮ ਪੀ.ਬੀ.ਡਬਲਯੂ 826 ਦਾ ਬੀਜ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਿਆਂ ਤੇ ਦਿੱਤੀ ਜਾਵੇਗੀ ।