ਲੁਧਿਆਣਾ : ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ. ਜਸਪ੍ਰੀਤ ਸਿੰਘ ਅਤੇ ਡਾ. ਲਵਦੀਪ ਕੌਰ ਨੇ ਭੋਜਨ ਸਥਿਰਤਾ ਅਤੇ ਬਦਲਵੇਂ ਭੋਜਨ ਪ੍ਰੋਟੀਨ ਬਾਰੇ ਆਪਣੇ ਨਿਰਧਾਰਤ ਵਿਚਾਰ-ਵਟਾਂਦਰਾ ਸੈਸਨ ਲਈ ਪੀ.ਏ.ਯੂ. ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦਾ ਦੌਰਾ ਕੀਤਾ। ਇਹਨਾਂ ਵਿਗਿਆਨੀਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਨਵੀਨ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵਧੇਰੇ ਟਿਕਾਊ ਭੋਜਨ ਵਿਕਸਿਤ ਕਰਨ ਦੀ ਮਹੱਤਤਾ ਨੂੰ ਦੁਹਰਾਇਆ ।
ਡਾ. ਜਸਪ੍ਰੀਤ ਸਿੰਘ ਨੇ ਪੌਦਿਆਂ ਦੇ ਤੱਤਾਂ ਦੀ ਵਰਤੋਂ ਕਰਦੇ ਹੋਏ ਪਸ਼ੂ-ਆਧਾਰਿਤ ਬਾਇਓਮੀਮੈਟਿਕ ਭੋਜਨ ਵਿਉਂਤਣ ’ਤੇ ਜੋਰ ਦਿੱਤਾ ਜੋ ਕਾਰਬਨ ਅੰਸ਼ਾਂ, ਗ੍ਰੀਨ-ਹਾਊਸ-ਗੈਸਾਂ ਦੇ ਨਿਕਾਸ ਨੂੰ ਘਟਾ ਸਕਣ ਅਤੇ ਘੱਟ ਕੁਦਰਤੀ ਸਰੋਤਾਂ ਦੀ ਵਰਤੋਂ ਕਰਦੇ ਹੋਣ। ਇਸ ਤੋਂ ਇਲਾਵਾ ਖਪਤਕਾਰ ਅਜਿਹੇ ਭੋਜਨ ਨੂੰ ਸਿਹਤ ਸੰਬੰਧੀ ਬਿਹਤਰ ਲਾਭਾਂ ਦੇ ਨਾਲ ਵਧੇਰੇ ਗੁਣਕਾਰੀ ਮੰਨਦੇ ਹਨ।
ਡਾ. ਲਵਦੀਪ ਕੌਰ ਨੇ ਪ੍ਰੋਟੀਨ ਦੇ ਵੱਖ-ਵੱਖ ਗੈਰ-ਰਵਾਇਤੀ ਸਰੋਤਾਂ ਅਤੇ ਉਨਾਂ ਦੀ ਵਰਤੋਂ ਲਈ ਤਕਨਾਲੋਜੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਹਨਾਂ ਨੇ ਪਸ਼ੂ ਪ੍ਰੋਟੀਨ ਦੇ ਮੁਕਾਬਲੇ ਬਦਲਵੇਂ ਪ੍ਰੋਟੀਨਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਖਪਤਕਾਰਾਂ ਦੀ ਵਧੀ ਹੋਈ ਮੰਗ ਦੇ ਨਾਲ ਇਹਨਾਂ ਦੇ ਵਿਆਪਕ ਉਪਯੋਗਾਂ ਲਈ ਇਹਨਾਂ ਭੋਜਨ ਪ੍ਰੋਟੀਨਾਂ ਦੇ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਢੁਕਵੀਂ ਤਕਨਾਲੋਜੀ ਦੇ ਵਿਕਾਸ ਦੀ ਲੋੜ ਤੇ ਜ਼ੋਰ ਦਿੱਤਾ ।
ਵਿਗਿਆਨੀਆਂ ਨੇ ਪ੍ਰਭਾਵਸਾਲੀ ਨਤੀਜੇ ਪੈਦਾ ਕਰਨ ਲਈ ਉੱਨਤ ਖੋਜ ਦੀ ਜ਼ਰੂਰਤ ਦੀ ਗੱਲ ਕੀਤੀ ਤਾਂ ਜੋ ਸਮਾਜ ਦੀ ਬਿਹਤਰੀ ਲਈ ਕੋਸ਼ਿਸ਼ ਹੋ ਸਕੇ । ਉਹਨਾਂ ਨੇ ਆਪਸੀ ਸਹਿਯੋਗ ਲਈ ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਵੀ ਕੀਤਾ। ਸੈਸਨ ਦੀ ਸਮਾਪਤੀ ਤੇ ਵਿਦਿਆਰਥੀਆਂ ਨੂੰ ਉੱਨਤ ਸਹੂਲਤਾਂ ਵਾਲੀਆਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਖੋਜ ਅਤੇ ਨੌਕਰੀ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।