ਲੁਧਿਆਣਾ : ਪੀ.ਏ.ਯੂ. ਵਿੱਚ ਜਾਰੀ ਮੁੱਢਲੇ ਅਤੇ ਗੁਜ਼ੈਲੇ ਪੋਸ਼ਕ ਤੱਤਾਂ ਸੰਬੰਧੀ ਆਈ ਸੀ ਏ ਆਰ ਆਲ ਇੰਡੀਆ ਕੁਆਰਡੀਨੇਟਿਡ ਖੋਜ ਪੋ੍ਰਜੈਕਟ ਨੂੰ ਬੀਤੇ ਦਿਨੀਂ ਰਾਸ਼ਟਰੀ ਪੱਧਰ ਤੇ ਸਭ ਤੋਂ ਵਧੀਆ ਕੇਂਦਰ ਦਾ ਪੁਰਸਕਾਰ ਹਾਸਲ ਹੋਇਆ ਹੈ | ਭੂਮੀ ਵਿਗਿਆਨ ਵਿਭਾਗ ਵਿੱਚ ਇਹ ਪ੍ਰੋਜੈਕਟ ਮਿੱਟੀ ਅਤੇ ਪੌਦਿਆਂ ਵਿੱਚ ਸੂਖਮ ਪੋਸ਼ਕ ਤੱਤਾਂ ਸੰਬੰਧੀ ਖੋਜ ਕਰ ਰਿਹਾ ਹੈ | ਇਹ ਐਵਾਰਡ 2018-2022 ਤੱਕ ਕੀਤੇ ਕਾਰਜ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਉੜੀਸਾ ਵਿਖੇ ਹੋਈ ਵਰਕਸ਼ਾਪ ਦੌਰਾਨ ਪ੍ਰਦਾਨ ਕੀਤਾ ਗਿਆ |
ਇਸ ਵਰਕਸ਼ਾਪ ਦੌਰਾਨ ਸੂਖਮ ਪੋਸ਼ਕ ਤੱਤਾਂ ਦੇ ਸੰਬੰਧ ਵਿੱਚ ਕੀਤੀ ਖੋਜ ਸਦਕਾ ਲੁਧਿਆਣਾ ਕੇਂਦਰ ਨੂੰ ਸਰਵੋਤਮ ਰਾਸ਼ਟਰੀ ਕੇਂਦਰ ਐਲਾਨਿਆ ਗਿਆ | ਯਾਦ ਰਹੇ ਕਿ ਇਸ ਦੌਰਾਨ 23 ਹੋਰ ਕੇਂਦਰਾਂ ਦੇ ਕੰਮ ਕਾਜ ਦਾ ਮੁਲਾਂਕਣ ਵੀ ਕੀਤਾ ਗਿਆ ਸੀ | 2018-22 ਦੌਰਾਨ ਪੀ.ਏ.ਯੂ. ਦੇ ਕੇਂਦਰ ਨੇ ਬਿਹਤਰੀਨ ਖੇਤੀ ਖੋਜ ਕਾਰਜ ਕੀਤਾ ਜਿਸ ਨਾਲ ਸੂਖਮ ਪੋਸ਼ਕ ਤੱਤਾਂ ਸੰਬੰਧੀ ਕਈ ਨਵੀਆਂ ਲੱਭਤਾਂ ਸਾਹਮਣੇ ਆਈਆਂ | ਇਹ ਵੀ ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਇਸ ਸਨਮਾਨ ਨੂੰ 1970 ਤੋਂ ਬਾਅਦ 52 ਸਾਲ ਮਗਰੋਂ ਹਾਸਲ ਕੀਤਾ ਹੈ |