ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਫ਼ਿਸ਼ਰੀਜ਼ ਵਲੋਂ ਇਕ ਵਿਦਿਆਰਥੀ-ਉਦਯੋਗ ਅੰਤਰ-ਸੰਵਾਦ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘ਸਜਾਵਟੀ ਮੱਛੀ ਪਾਲਣ, ਪੰਜਾਬ ਵਿਚ ਵਰਤਮਾਨ ਸਥਿਤੀ, ਚੁਣੌਤੀਆਂ ਤੇ ਭਵਿੱਖੀ ਸੰਭਾਵਨਾਵਾਂ’ ਰੱਖਿਆ ਗਿਆ।
ਡੀਨ ਫ਼ਿਸ਼ਰੀਜ਼ ਕਾਲਜ ਡਾ. ਮੀਰਾ ਡੀ. ਆਂਸਲ ਨੇ ਦੱਸਿਆ ਕਿ ਇਸ ਮੰਚ ‘ਤੇ ਸਾਰੀਆਂ ਭਾਈਵਾਲ ਧਿਰਾਂ ਜਿਨ੍ਹਾਂ ਵਿਚ ਸਜਾਵਟੀ ਮੱਛੀਆਂ ਦੇ ਕਾਰੋਬਾਰੀ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਵਿਦਿਆਰਥੀਆਂ ਨੂੰ ਇਕੱਠਿਆਂ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਮੱਛੀ ਖੇਤਰ ਦੇ ਵਿਗਿਆਨੀ ਡਾ. ਅਤੁਲ ਕੁਮਾਰ ਜੈਨ ਨੇ ਵਿਦਿਆਰਥੀਆਂ ਨੂੰ ਸਾਹਮਣੇ ਦਿਸਦੇ ਕਾਰੋਬਾਰ ਦੇ ਪਿੱਛੇ ਛੁਪੇ ਮੌਕਿਆਂ ਸੰਬੰਧੀ ਚਾਨਣਾ ਪਾਇਆ ਅਤੇ ਕਿਹਾ ਕਿ ਗ਼ੈਰ-ਸਮੁੰਦਰੀ ਰਾਜਾਂ ਵਿਚ ਇਸ ਵੇਲੇ ਸਜਾਵਟੀ ਮੱਛੀਆਂ ਦੇ ਕਾਰੋਬਾਰ ਦੀਆਂ ਬੜੀਆਂ ਉੱਨਤ ਸੰਭਾਵਨਾਵਾਂ ਹਨ।
ਪ੍ਰਬੰਧਕੀ ਸਕੱਤਰ ਡਾ. ਵਨੀਤ ਇੰਦਰ ਕੌਰ ਨੇ ਫ਼ਿਸ਼ਰੀਜ਼ ਕਾਲਜ ਵਲੋਂ ਸਜਾਵਟੀ ਮੱਛੀਆਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਮੁੱਖ ਕਾਰਜਕਾਰੀ ਅਧਿਕਾਰੀ ਮੱਛੀ ਪਾਲਕ ਵਿਕਾਸ ਏਜੰਸੀ ਫ਼ਤਹਿਗੜ੍ਹ ਸਾਹਿਬ ਕਰਮਜੀਤ ਸਿੰਘ ਨੇ ਵੱਖੋ-ਵੱਖਰੀਆਂ ਵਿੱਤੀ ਮਦਦ ਵਾਲੀਆਂ ਯੋਜਨਾਵਾਂ, ਸਬਸਿਡੀਆਂ ਅਤੇ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਬਾਰੇ ਚਾਨਣਾ ਪਾਇਆ। ਡਾ. ਸਚਿਨ ਖ਼ੈਰਨਾਰ ਨੇ ਪੰਜਾਬ ਵਿਚ ਸਜਾਵਟੀ ਮੱਛੀ ਦੀਆਂ ਕਾਰੋਬਾਰੀ ਸੰਭਾਵਨਾਵਾਂ ‘ਤੇ ਚਰਚਾ ਕੀਤੀ।