ਲੁਧਿਆਣਾ : ਪੰਜਾਬ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਨੇ ਦੱਸਿਆ ਕਿ ਲੱਕੜੀ ਦੀ ਲਗਾਤਾਰ ਹੋ ਰਹੀ ਘਾਟ ਕਰਕੇ ਪਲਾਈਵੁੱਡ ਨਾਲ ਸੰਬੰਧਤ ਕਾਰਖਾਨੇ ਚਲਾਉਣੇ ਹੁਣ ਭਾਰੀ ਮੁਸ਼ਕਿਲ ਹੋ ਚੁੱਕੇ ਹਨ। ਪਿਛਲੇ ਇੱਕ ਮਹੀਨੇ ਤੋਂ ਭਾਅ ਦੁੱਗਣੇ ਹੋ ਚੁੱਕੇ ਹਨ ਤੇ ਤੇਲ ਦੀਆਂ ਕੀਮਤਾਂ ਵਧਣ ਨਾਲ ਢੋਆ ਢੁਆਈ ਵੀ ਬਹੁਤ ਮਹਿੰਗੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਕਰਕੇ ਪਲਾਈਵੁੱਡ ਦੇ ਰੇਟ ਵੀ 10 ਫੀਸਦੀ ਵਧਾਉਣੇ ਪੈ ਰਹੇ ਹਨ। ਲੱਕੜ ਨਾ ਮਿਲਣ ਕਰਕੇ ਪਲਾਈਵੁੱਡ ਨਾਲ ਸੰਬੰਧਤ ਕਾਰਖਾਨੇ ਹੁਣ ਹਫ਼ਤੇ ‘ਚ ਦੋ ਛੁੱਟੀਆਂ ਕਰਨ ਲਈ ਮਜਬੂਰ ਹੋ ਚੁੱਕੇ ਹਨ। ਪ੍ਰਧਾਨ ਸੋਹਲ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਪਾਪੂਲਰ ਤੇ ਸਫੈਦੇ ਦੇ ਦਰੱਖਤ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਵਾਸਤੇ ਕਣਕ ਤੇ ਝੋਨੇ ਨਾਲੋ ਕਿਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਹੁਣ ਦਰੱਖਤ ਲਗਾਉਣੇ ਜਿਆਦਾ ਲਾਹੇਵੰਦ ਸਾਬਤ ਹੋਣਗੇ। ਜਿੰਨੇ ਜਿਆਦਾ ਦਰੱਖਤ ਲੱਗਣਗੇ, ਹਰਿਆਵਲ ਵਧੇਗੀ, ਹਵਾ ਪਾਣੀ ‘ਚ ਸ਼ੁੱਧਤਾ ਅਤੇ ਵਾਤਾਵਰਨ ਵੀ ਪ੍ਰਦੂਸ਼ਣ ਰਹਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੱਕੜ ਦੀ ਸਪਲਾਈ ਨਿਰਵਿਘਨ ਨਹੀਂ ਮਿਲਦੀ, ਉਦੋਂ ਤੱਕ ਪਲਾਈਵੁੱਡ ਸੈਕਟਰ ‘ਤੇ ਚਿੰਤਾ ਦੇ ਬੱਦਲ ਛਾਏ ਰਹਿਣਗੇ।