ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਰਣਧੀਰ ਦੇ ਸ਼ੈਲਰ ਮਾਲਕ ਵੱਲੋਂ ਚੌਲਾਂ ਵਾਲੀਆਂ ਬੋਰੀਆਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਾਉਣ ਖ਼ਿਲਾਫ਼ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸ਼ੈਲਰ ਮਾਲਕਾਂ ਖ਼ਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਧਰਮਕੋਟ ਦੇ ਪੁਲਿਸ ਅਧਿਕਾਰੀ ਰਾਵਿੰਦਰ ਸਿੰਘ ਨੇ ਦੱਸਿਆ ਕਿ ਚੌਲ ਮਿੱਲ ਦੇ ਅੰਦਰੋਂ 50 ਹਜ਼ਾਰ ਦੇ ਕਰੀਬ ਪਲਾਸਟਿਕ ਦੇ ਵਿਵਾਦਤ ਖਾਲੀ ਲਿਫ਼ਾਫ਼ੇ ਵੀ ਬਰਾਮਦ ਹੋਏ ਹਨ ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਰਾਜਾ ਸਿੰਘ ਖੁਖਰਾਣਾ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਸਬੰਧੀ ਸ਼ੈਲਰ ਮਾਲਕ ਅਵਿਨਾਸ਼ ਗੁਪਤਾ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਹ ਤਸਵੀਰ ਨੂੰ ਉਤਰਵਾ ਦੇਣਗੇ ਅਤੇ ਜੋ ਉਨ੍ਹਾਂ ਕੋਲ ਖਾਲੀ ਬੋਰੀਆਂ ਪਾਈਆਂ ਹਨ ਉਨ੍ਹਾਂ ਨੂੰ ਨਹੀਂ ਵਰਤਣਗੇ।