ਲੁਧਿਆਣਾ : ਆਰੀਆ ਕਾਲਜ ਲੁਧਿਆਣਾ ਵਿਖੇ ਨਾਨ-ਟੀਚਿੰਗ ਸਟਾਫ਼ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਕੇਂਦਰੀ ਯੂਨੀਅਨ ਦੇ ਸੱਦੇ ‘ਤੇ ਪੰਜਾਬ ਸਰਕਾਰ ਦੇ ਨਾਂਹ-ਪੱਖੀ ਰਵੱਈਏ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ! ਇਸ ਮੌਕੇ ਸ੍ਰੀ ਪਰਵੀਨ ਮਾਇਰ ਪ੍ਰਧਾਨ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੌਜੂਦਾ ਸਰਕਾਰ ਨੇ ਜੁਲਾਈ 2021 ਤੋਂ ਲਗਪਗ ਸਾਰੇ ਵਿਭਾਗਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦਿੱਤਾ ਹੈ, ਤਾਂ ਇਹ ਮੁਲਾਜ਼ਮ ਜੋ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੇ ਹਨ, ਕਾਲਜ ਉਨ੍ਹਾਂ ਦਾ ਹੱਕ ਨਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਿਉਂ ਕਰ ਰਹੀ ਹੈ?
ਯੂਨਿਟ ਦੇ ਮੁਖੀ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਨਾਨ-ਟੀਚਿੰਗ ਸਟਾਫ਼ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਨਾ ਕੀਤਾ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਤੇਜ਼ ਕਰਨਾ ਪਵੇਗਾ, ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ! ਉਨ੍ਹਾਂ ਦੱਸਿਆ ਕਿ 9 ਅਤੇ 10 ਜੂਨ ਨੂੰ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਧਾਨ ਸਭਾ ਹਲਕੇ ਵਿੱਚ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਸ਼ਵਨੀ ਠਾਕੁਰ, ਕਰਨ ਸਿੰਘ, ਰਾਮ ਅਵਤਾਰ, ਦਿਨੇਸ਼ ਕੁਮਾਰ, ਹਰੀ ਰਾਮ, ਰਾਮ ਤੀਰਥ, ਰਾਮ ਦਾਸ ਆਦਿ ਹਾਜ਼ਰ ਸਨ।