ਲੁਧਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਸੂਬੇ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਲੀਡਰ ਜਗਦੀਸ਼ ਸਿੰਘ ਗਰਚਾ (88) ਦੇ ਘਰ ਡਾਕਾ ਮਾਰਨ ਵਾਲੇ ਉਨ੍ਹਾਂ ਦੇ ਨੇਪਾਲੀ ਨੌਕਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨੇਪਾਲ ਵਾਸੀ ਕਰਨ ਬਹਾਦੁਰ, ਸਰਜਨ ਸ਼ਾਹੀ ਅਤੇ ਕਿਸ਼ਨ ਬਹਾਦਰ ਵਜੋਂ ਹੋਈ ਹੈ। ਇਨ੍ਹਾਂ ਦਾ ਇੱਕ ਸਾਥੀ ਦਾਊਦ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ।
ਪੁਲਿਸ ਨੇ ਮੁਲਜ਼ਮਾਂ ਦੇ ਕਬਜੇ ’ਚੋਂ ਇਕ ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, 2.76 ਲੱਖ ਰੁਪਏ ਨਕਦ, ਪੰਜ ਬ੍ਰਾਂਡ ਦੀਆਂ ਘੜੀਆਂ, ਵੱਖ-ਵੱਖ ਦੇਸ਼ਾਂ ਦੇ ਸਿੱਕੇ, ਕੁਝ ਮੋਤੀ ਅਤੇ ਇਕ ਚਾਂਦੀ ਦਾ ਗਲਾਸ ਬਰਾਮਦ ਕੀਤਾ ਹੈ। 18 ਸਤੰਬਰ ਨੂੰ ਮਹਾਰਾਜਾ ਰਣਜੀਤ ਸਿੰਘ ਨਗਰ ਪੱਖੋਵਾਲ ਰੋਡ ‘ਤੇ ਘਰੇਲੂ ਨੌਕਰ ਕਰਨ ਬਹਾਦੁਰ ਨੇ ਕਥਿਤ ਤੌਰ ’ਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ, ਭੈਣ ਅਤੇ ਇਕ ਹੋਰ ਨੌਕਰਾਣੀ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ ।
ਸਾਰਿਆਂ ਨੂੰ ਬੇਹੋਸ਼ ਕਰਨ ਤੋਂ ਬਾਅਦ ਮੁਲਜ਼ਮਾਂ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਕਮਿਸ਼ਨਰ ਸਿੱਧੂ ਨੇ ਮੁਲਜ਼ਮਾਂ ਦੇ ਲੁਕਵੇਂ ਟਿਕਾਣਿਆਂ ਨੂੰ ਟ੍ਰੈਕ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਦਿੱਲੀ ਪੁਲਿਸ ਨਾਲ ਮਿਲ ਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਗਈ ਨਕਦੀ ਅਤੇ ਕੀਮਤੀ ਸਾਮਾਨ ਬਰਾਮਦ ਕਰ ਲਿਆ ਹੈ। ਹੁਣ ਮੁਲਜ਼ਮਾਂ ਦਾ ਟਰਾਂਜ਼ਟਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਲੁਧਿਆਣਾ ਲਿਆਂਦਾ ਜਾ ਰਿਹਾ ਹੈ।