ਲੁਧਿਆਣਾ : ਲੋਕਾਂ ਨੂੰ ਬਚਾਓ ਅਤੇ ਰਾਸ਼ਟਰ ਨੂੰ ਬਚਾਓ” ਦੇ ਨਾਅਰੇ ਹੇਠ ਕੇਂਦਰ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ,ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅਤੇ ਕਾਮਿਆਂ ਦੀਆਂ ਹੱਕੀ ਮੰਗਾਂ ਦੇ ਹੱਕ ਵਿਚ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 2 ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਲੁਧਿਆਣਾ ਵਿਖੇ ਰੈਲੀ ਅਤੇ ਪ੍ਰਦਰਸ਼ਨ ਹੋਇਆ । ਇੰਟਕ, ਏਟਕ, ਸੀਟੂ ਅਤੇ ਸੀ ਟੀ ਯੂ ਪੰਜਾਬ ਵੱਲੋਂ ਕਚਹਿਰੀਆਂ ਦੇ ਨੇੜੇ ਮੁੱਖ ਡਾਕ ਘਰ ਦੇ ਸਾਹਮਣੇ ਆਯੋਜਿਤ ਕੀਤੀ ਗਈ ਇਹ ਰੈਲੀ ਸ੍ਰ: ਸਵਰਨ ਸਿੰਘ- ਇੰਟਕ, ਰਮੇਸ਼ ਰਤਨ-ਏਟਕ, ਸੁਖਮਿੰਦਰ ਲੋਟੇ-ਸੀਟੂ ਅਤੇ ਜਗਦੀਸ਼ ਚੰਦ- ਸੀ ਟੀ ਯੂ ਦੀ ਪ੍ਰਧਾਨਗੀ ਹੇਠ ਹੋਈ।
ਰੈਲੀ ਨੂੰ ਸੰਬੋਧਨ ਕਰਦੇ ਏਟਕ ਦੇ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਰਾਸ਼ਟਰੀ ਸੰਸਾਧਨ ਅਤੇ ਬੁਨਿਆਦੀ ਢਾਂਚੇ ਸਮੇਤ ਰਾਸ਼ਟਰੀ ਸੰਪੱਤੀ ਇਹਨਾਂ ਸਭ ਨੂੰ ਮੋਦੀ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਦੇ ਲਾਭਾਂ ਲਈ ਵੇਚਣ ਤੇ ਲਾਇਆ ਹੋਇਆ ਹੈ। ਮਜ਼ਦੂਰ ਜਮਾਤ ਜੋ ਕੌਮੀ ਦੌਲਤ ਦੀ ਸਿਰਜਣਾ ਕਰਦੀ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤੇ ਟਰੇਡ ਯੂਨੀਅਨਾਂ ਨੂੰ ਦਬਾਉਣ ਅਤੇ ਕਮਜ਼ੋਰ ਕਰਨ ਲਈ ਕਿਰਤ ਕਾਨੂੰਨਾਂ ਵਿੱਚ ਸਖ਼ਤ ਤਬਦੀਲੀਆਂ ਅਤੇ ਮਜ਼ਦੂਰ ਵਿਰੋਧੀ ਕੋਡੀਫੀਕੇਸ਼ਨ ਦੁਆਰਾ ਜ਼ੋਰ ਨਾਲ ਸਰਕਾਰ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਾ ਪੱਧਰ 12 % ਤੱਕ ਪਹੁੰਚ ਗਿਆ ਹੈ ਅਤੇ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਬੇਰੁਜ਼ਗਾਰਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਬਹੁਗਿਣਤੀ ਵਿਚ ਹਨ। ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਰਹੀਆਂ ਹਨ। ਸਮੇਂ ਦੀ ਮੰਗ ਹੈ ਕਿ ਮਜ਼ਦੂਰ, ਮੁਲਾਜਮ ਅਤੇ ਕਿਸਾਨ ਏਕਤਾ ਨੂੰ ਮਜ਼ਬੂਤ ਕਰਕੇ ਨਰਿੰਦਰ ਮੋਦੀ ਦੀ ਜ਼ਾਲਮ ਹਕੂਮਤ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇ, ਜਿਸ ਨੇ ਦੇਸ਼ ਨੂੰ ਫੇਲ੍ਹ ਕੀਤਾ ਹੈ।