ਲੁਧਿਆਣਾ : ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿਖੇ ਮਾਸਿਕ ਕਿ੍ਸ਼ਨ ਪੱਖ ਅਸ਼ਟਮੀ ਦਾ ਦਿਹਾੜਾ ਅਥਾਹ ਸ਼ਰਧਾ ਨਾਲ ਮਨਾਇਆ ਗਿਆ। ਭੂਰੀ ਵਾਲੇ ਕੁਟੀਆ ਵਿਖੇ ਗਰੀਬਦਾਸ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਸਮੇਂ ਕੀਰਤਨ ਦਰਬਾਰ ‘ਚ ਆਰਤੀ ਦੇ ਸ਼ਬਦ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਸਰਵਣ ਕਰਵਾਏ।
ਕਥਾ ਦੀ ਵਿਚਾਰ ਕਰਦਿਆਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਦੱਸਿਆ ਕਿ ਜਗਤ ਗੁਰੂ ਅਚਾਰੀਆ ਸ੍ਰੀ ਗਰੀਬਦਾਸ ਮਹਾਰਾਜ ਦੀ ਅਨੂਪਮ ਗੁਰਬਾਣੀ ਅਧਿਆਤਮਕਤਾ ਦਾ ਅਥਾਹ ਸਮੁੰਦਰ ਹੈ। ਮਹਾਂਪੁਰਖਾਂ ਦੀ ਰਚੀ ਹੋਈ ਬਾਣੀ ਦੇ ਇਕ-ਇਕ ਸ਼ਬਦ ਤੋਂ ਅਨੇਕਾਂ ਅਰਥ ਨਿਕਲਦੇ ਹਨ, ਇਹ ਬਾਣੀ ਸਾਰੇ ਕਰਮਕਾਂਡਾਂ ਨੂੰ ਤੋੜਦੀ ਹੋਈ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੀ ਹੈ।
ਸ਼ਿ੍ਸ਼ਟੀ ਦੀ ਰਚਨਾ ਬਾਰੇ ਸਵਾਮੀ ਸ਼ੰਕਰਾ ਨੰਦ ਦੱਸਿਆ ਕਿ ਅਵਗਤਿ ਨਿਰੰਜਣ ਤੋਂ ਓਮ ਦੀ ਉਤਪਤੀ ਹੋਈ ਹੈ, ਉਸ ਤੋਂ ਅਕਾਸ਼, ਅਕਾਸ਼ ਤੋਂ ਪਵਨ, ਪਵਨ ਤੋਂ ਅਗਨ, ਅਗਨ ਤੋਂ ਜਲ, ਜਲ ਤੋਂ ਪਿ੍ਥਵੀ ਸਭ ਗੁਰਬਾਣੀ ਵਿਚ ਦਰਜ ਹੈ, ਓਮ ਤੋਂ ਤਿੰਨ ਦੇਵਤਿਆਂ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਉਤਪਤੀ ਹੋਈ ਹੈ।
ਸਵਾਮੀ ਸੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਮਨੁੱਖਾ ਜੀਵ ਦੇ ਜੀਵਨ ਦਾ ਮੁੱਖ ਸਿਧਾਂਤ ਕਰਮ ਅਤੇ ਧਰਮ ਦੀ ਪਾਲਣਾ ਕਰਨ ਨੂੰ ਸਮਰਪਿਤ ਹੈ, ਜ਼ਿੰਦਗੀ ‘ਚ ਚੰਗੇ ਕਰਮ ਕਮਾਉਣ, ਧਰਮ ਪ੍ਰਤੀ ਪ੍ਰਪੱਕ ਹੋਣ ਨਾਲ ਮਨੁੱਖ ਸਹੀ ਮਾਰਗ ‘ਤੇ ਤੁਰਦਾ ਹੈ। ਇਸ ਸਮੇਂ ਸਵਾਮੀ ਸੁਰੇਸਵਰਾ ਨੰਦ, ਐੱਸ.ਜੀ.ਬੀ. ਫਾਊਾਡੇਸ਼ਨ ਪ੍ਰਧਾਨ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਹੰਸਾ ਨੰਦ, ਆੜ੍ਹਤੀ ਸੇਵਾ ਸਿੰਘ ਖੇਲਾ, ਏਕਮਦੀਪ ਕੌਰ ਗਰੇਵਾਲ, ਸਵਾਮੀ ਨਿਰਮਲ ਦਾਸ ਤੇ ਹੋਰ ਸੰਗਤ ਮੌਜੂਦ ਰਹੀ।