ਲੁਧਿਆਣਾ: ਐਤਵਾਰ ਨੂੰ ਗਰਮੀ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ। ਸੋਮਵਾਰ ਨੂੰ ਸੜਕਾਂ ਅਤੇ ਬਾਜ਼ਾਰ ਸੁੰਨਸਾਨ ਨਜ਼ਰ ਆਏ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਐਤਵਾਰ ਨੂੰ ਬਠਿੰਡਾ ਪੰਜਾਬ ਵਿੱਚ ਸਭ ਤੋਂ ਗਰਮ ਰਿਹਾ। ਜਿੱਥੇ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਰਿਹਾ, ਉਥੇ ਹੀ ਹੁਸ਼ਿਆਰਪੁਰ, ਬਰਨਾਲਾ ਅਤੇ ਚੰਡੀਗੜ੍ਹ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿੱਚ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਅੱਜ ਸੋਮਵਾਰ ਨੂੰ ਵੀ ਪੰਜਾਬ ਵਿੱਚ ਗਰਮੀ ਰਹੇਗੀ। ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਮੌਸਮ ਖੁਸ਼ਕ ਰਹੇਗਾ।ਉਨ੍ਹਾਂ ਕਿਹਾ ਕਿ 10 ਜੂਨ ਤੋਂ ਮੌਸਮ ਬਦਲ ਜਾਵੇਗਾ। ਪੰਜਾਬ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਿਸ ਕਾਰਨ ਦਿਨ ਦਾ ਤਾਪਮਾਨ ਘੱਟ ਜਾਵੇਗਾ।
ਡਾ: ਸਿੰਘ ਨੇ ਕਿਹਾ ਕਿ ਹੁਣ ਤਕ ਦੀ ਭਵਿੱਖਬਾਣੀ ਅਨੁਸਾਰ ਜੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਜੇਕਰ ਹਾਲਾਤ ਠੀਕ ਰਹੇ ਤਾਂ ਮਾਨਸੂਨ ਦੀ ਐਂਟਰੀ ਜੂਨ ਦੇ ਆਖਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਹੋ ਜਾਵੇਗੀ। ਪੰਜਾਬ ਵਿੱਚ ਮਾਨਸੂਨ ਦੇ ਛੇਤੀ ਆਉਣ ਦੀ ਅਜੇ ਤਕ ਕੋਈ ਸੂਚਨਾ ਨਹੀਂ ਹੈ। ਪਿਛਲੇ ਸਾਲ ਪੰਜਾਬ ਵਿੱਚ ਮਾਨਸੂਨ 17 ਦਿਨ ਪਹਿਲਾਂ ਹੀ ਆ ਗਿਆ ਸੀ। ਉਦੋਂ 13 ਜੂਨ ਨੂੰ ਪੰਜਾਬ ਵਿੱਚ ਮਾਨਸੂਨ ਦੀ ਐਂਟਰੀ ਹੋਈ ਸੀ ਪਰ ਮਾਨਸੂਨ ਜੁਲਾਈ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ।