ਲੁਧਿਆਣਾ : ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਠ ਪੜ੍ਹਾਉਣ ਵਾਲਾ ਸਿਹਤ ਵਿਭਾਗ ਖੁਦ ਹੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਗੰਭੀਰ ਦਿਖਾਈ ਨਹੀ ਦੇ ਰਿਹਾ ਹੈ। ਸਨਅਤੀ ਸ਼ਹਿਰ ਲੁਧਿਆਣਾ ‘ਚ ਜਿੱਥੇ ਸਿਵਲ ਸਰਜਨ ਵੱਲੋਂ ਵਾਰ ਵਾਰ ਅਪੀਲਾਂ ਕਰਕੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ, ਉਥੇ ਸ਼ਹਿਰ ਦੇ ਸਿਵਲ ਹਸਪਤਾਲ ‘ਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਹੀ ਸਿਵਲ ਸਰਜਨ ਦੀਆਂ ਇਨਾਂ ਹਦਾਇਤਾਂ ਨੂੰ ਿਛੱਕੇ ਟੰਗਿਆ ਜਾ ਰਿਹਾ ਹੈ।
ਸਿਵਲ ਹਸਪਤਾਲ ਦੇ ਜੱਚਾ ਬੱਚਾ ਵਿਭਾਗ, ਓਪੀਡੀ ਸਮੇਤ ਵੱਖ ਵੱਖ ਵਿਭਾਗਾਂ ‘ਚ ਬਿਨ੍ਹਾ ਮਾਸਕਾਂ ਤੋਂ ਬੈਠੇ ਮੁਲਾਜ਼ਮ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਨਜ਼ਰ ਆਏ। ਪ੍ਰਧਾਨ ਮੰਤਰੀ ਭਾਰਤੀਆ ਜਨ ਅੌਸ਼ਦੀ ਕੇਂਦਰ ‘ਚੋਂ 10 ਰੁਪਏ ਦੇ ਮਾਸਕ ਵਿਕਣ ਨੂੰ ਲੈ ਕੇ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ, ਪਰ ਉਸਤੋਂ ਬਾਅਦ ਜਨ ਅੌਸ਼ਦੀ ਕੇਂਦਰ ‘ਚ ਜਿੱਥੇ ਮਾਸਕ ਦੇਣੇ ਬੰਦ ਕਰ ਦਿੱਤੇ ਗਏ ਹਨ, ਉਥੇ ਹੀ ਜਨ ਅੌਸ਼ਦੀ ਕੇਂਦਰ ‘ਚ ਬੈਠੇ ਮੁਲਾਜ਼ਮ ਵੱਲੋਂ ਨਾਲ ਦੀ ਕੰਟੀਨ ਤੋਂ ਮਾਸਕ ਖਰੀਦਣ ਬਾਰੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ।
ਸਿਵਲ ਹਸਪਤਾਲ ‘ਚ ਬਹੁਤੀ ਗਿਣਤੀ ‘ਚ ਮਰੀਜ਼ਾਂ ਨੇ ਤਾਂ ਮਾਸਕ ਪਾਏ ਹੋਏ ਸਨ, ਪਰ ਸਿਹਤ ਵਿਭਾਗ ਦੇ ਮੁਲਾਜ਼ਮ ਕੋਰੋਨਾ ਪਾਬੰਦੀਆਂ ਨੂੰ ਟਿੱਚ ਜਾਣਦੇ ਦਿਖਾਈ ਦਿੱਤੇ। ਐਮਰਜੈਂਸੀ ਵਿਭਾਗ ਦਾ ਜਦੋਂ ਦੌਰਾ ਕੀਤਾ ਤਾਂ ਉਥੇ ਦੇਖਿਆ ਕਿ ਜਿੱਥੇ ਮਹਿਲਾ ਡਾਕਟਰ ਖੁਦ ਮਾਸਕ ਤੋਂ ਬਗੈਰ ਦਿਖੀ, ਉਥੇ ਬਾਹਰ ਖੜ੍ਹਾ ਗਾਰਡ ਵੀ ਮਾਸਕ ਨੂੰ ਲੈ ਕੇ ਲਾਪ੍ਰਵਾਹੀ ਵਰਤਦਾ ਨਜ਼ਰੀ ਆਇਆ, ਜਦ ਕਿ ਗਾਰਡ ਕੋਲੋਂ ਪੁੱਛਗਿੱਛ ਕਰਦੇ ਮਰੀਜ਼ਾਂ ਨੇ ਮਾਸਕ ਲੱਗੇ ਹੋਏ ਸਨ।
ਸਿਵਲ ਹਸਪਤਾਲ ‘ਚ ਜਿੱਥੇ ਲੋਕਾਂ ਦੀ ਸਹਾਇਤਾ ਲਈ ਪੁਲਿਸ ਚੌਕੀ ਬਣੀ ਹੋਈ ਹੈ, ਉਥੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਮਾਸਕ ਪਾਉਣ ਲਈ ਪੇ੍ਰਿਤ ਤਾਂ ਕੀ ਕਰਨਾ ਹੈ, ਉਹ ਆਪ ਹੀ ਬਿਨ੍ਹਾ ਮਾਸਕ ਤੋਂ ਘੁੰਮਦੇ ਦਿਖਾਈ ਦਿੰਦੇ ਹਨ। ਪੁਲਿਸ ਚੌਂਕੀ ਦੇ ਬਾਹਰ ਮੁਲਾਜਮ ਬਿਨ੍ਹਾ ਮਾਸਕ ਤੋਂ ਹੀ ਬੈਠੇ ਸਨ, ਜਦ ਕਿ ਐਮਰਜੈਂਸੀ ਵਿਭਾਗ ‘ਚ ਜਾਣ ਸਮੇਂ ਵੀ ਪੁਲਿਸ ਮੁਲਾਜਮ ਖੁਦ ਮਾਸਕ ਨੂੰ ਯਕੀਨੀ ਨਹੀਂ ਬਣਾ ਰਹੇ।
ਸਿਵਲ ਹਸਪਤਾਲ ‘ਚ ਸਥਿਤ ਕੰਟੀਨ ਵਾਲਿਆਂ ਵੱਲੋਂ 10-10 ਰੁਪਏ ਦਾ ਮਾਸਕ ਵੇਚ ਕੇ ਲੋਕਾਂ ਦੀ ਜੇਬ੍ਹ ਉਪਰ ਡਾਕਾ ਮਾਰਿਆ ਜਾ ਰਿਹਾ ਹੈ, ਜਦ ਕਿ ਸਿਵਲ ਸਰਜਨ ਵੱਲੋਂ ਹਰੇਕ ਸਿਹਤ ਕੇਂਦਰ ‘ਚ ਲੋਕਾਂ ਨੂੰ ਮਾਸਕ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤਾਂ ਜੋ ਕੋਈ ਵੀ ਵਿਅਕਤੀ ਬਿਨ੍ਹਾ ਮਾਸਕ ਤੋਂ ਸਿਹਤ ਕੇਂਦਰ ‘ਚ ਦਾਖ਼ਲ ਨਾ ਹੋਵੇ, ਪਰ ਕੰਟੀਨ ‘ਚ ਵਾਧੂ ਪੈਸੇ ਲੈ ਕੇ ਮਾਸਕ ਵਿਕਣਾ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਪ੍ਰਸ਼ਨ ਚਿੰਨ੍ਹ ਹੈ।